ਕੋਰੋਨਾ ਕਾਰਨ IPL ''ਤੇ ਸੰਕਟ ਦੇ ਬੱਦਲ, ਆਖਰੀ ਫੈਸਲਾ ਭਲਕੇ

03/12/2020 7:30:33 PM

ਨਵੀਂ ਦਿੱਲੀ : ਦੁਨੀਆਭਰ ਵਿਚ ਮਹਾਮਾਰੀ ਦੇ ਰੂਪ ਵਿਚ ਫੈਲ ਚੁੱਕੇ ਖਤਰਨਾਕ ਕੋਰੋਨਾ ਵਾਇਰਸ ਕਾਰਣ ਵਿਸ਼ਵ ਵਿਚ ਕਈ ਟੂਰਨਾਮੈਂਟਾਂ ਨੂੰ ਰੱਦ ਜਾਂ ਮੁਲਤਵੀ ਕੀਤਾ ਜਾ ਚੁੱਕਾ ਹੈ ਅਤੇ ਭਾਰਤ ਵਿਚ 29 ਮਾਰਚ ਨੂੰ ਹੋਣ ਵਾਲੇ ਆਈ. ਪੀ. ਐੱਲ. 'ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਆਈ. ਪੀ. ਐੱਲ. ਦੀ ਸੰਚਾਲਨ ਪ੍ਰੀਸ਼ਦ ਦੀ ਸ਼ਨੀਵਾਰ ਨੂੰ ਮੁੰਬਈ ਵਿਚ ਮਹੱਤਵਪੂਰਨ ਮੀਟਿੰਗ ਹੋਵੇਗੀ, ਜਿਸ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਆਈ. ਪੀ. ਐੱਲ. ਦੇ ਮਾਮਲੇ 'ਤੇ ਆਖਰੀ  ਫੈਸਲਾ ਲਵੇਗਾ। ਆਈ. ਪੀ. ਐੱਲ. ਨੂੰ 29 ਮਾਰਚ ਤੋਂ ਸ਼ੁਰੂ ਹੋਣਾ ਹੈ ਤੇ ਇਸਦਾ ਪਹਿਲਾ ਮੁਕਾਬਲਾ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਦੁਨੀਆਭਰ ਅਤੇ ਭਾਰਤ ਵਿਚ ਕੋਰੋਨਾ ਵਾਇਰਸ ਕਾਰਣ ਕਈ ਟੂਰਨਾਮੈਂਟਾਂ ਲਈ ਸਥਿਤੀਆਂ ਮੁਸ਼ਕਿਲ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਟੂਰਨਾਮੈਂਟਾਂ ਨੂੰ ਕਰਵਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਦਰਸ਼ਕ ਇਕੱਠੇ ਹੁੰਦੇ ਹਨ। ਭਾਰਤ ਵਿਚ ਕੋਰੋਨਾ ਦੇ 60 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਦੁਨੀਆਭਰ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 4623 ਹੋ ਚੁੱਕੀ ਹੈ, ਜਦਕਿ 1,25,841 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

PunjabKesari

ਮੁੰਬਈ ਵਿਚ ਚੱਲ ਰਹੀ ਲੀਜੈਂਡਸ ਕ੍ਰਿਕਟ ਖਿਡਾਰੀਆਂ ਦੀ ਰੋਡ ਸੇਫਟੀ ਵਰਲਡ ਸੀਰੀਜ਼ ਨੂੰ ਹੁਣ ਦਰਸ਼ਕਾਂ ਦੇ ਬਿਨਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਗੁਰੂਗ੍ਰਾਮ ਵਿਚ 19 ਮਾਰਚ ਤੋਂ ਹੋਣ ਵਾਲਾ ਹੀਰੋ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਹੈ, ਜਦਕਿ ਦਿੱਲੀ ਵਿਚ 24 ਮਾਰਚ ਤੋਂ ਹੋਣ ਵਾਲੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਨੂੰ ਦਰਸ਼ਕਾਂ ਤੋਂ ਬਿਨਾਂ ਕਰਵਾਏ ਜਾਣ 'ਤੇ ਵਿਚਾਰ ਚੱਲ ਰਿਹਾ ਹੈ। ਇਸ ਵਿਚਾਲੇ ਸੁਪਰੀਮ ਕੋਰਟ ਨੇ ਆਈ. ਪੀ. ਐੱਲ. ਨੂੰ ਕੋਰੋਨਾ ਦੇ ਕਾਰਣ ਮੁਲਤਵੀ ਕਰਨ ਵਾਲੀ ਪਟੀਸ਼ਨ 'ਤੇ ਵੀਰਵਾਰ ਨੂੰ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪਟੀਸ਼ਨਕਰਤਾ ਨੂੰ ਕਿਹਾ ਗਿਆ ਹੈ ਕਿ ਉਹ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ 16 ਮਾਰਚ ਨੂੰ ਨਿਯਮਤ ਬੈਂਚ ਦੇ ਸਾਹਮਣੇ ਮਾਮਲੇ ਨੂੰ ਤੁਰੰਤ ਸੂਚੀਬੱਧ ਕਰਨ ਲਈ ਬੇਨਤੀ ਕਰੇ। ਬੀ. ਸੀ. ਸੀ. ਆਈ. ਵੀ ਆਈ ਪੀ. ਐੱਲ. ਨੂੰ ਦਰਸ਼ਕਾਂ ਦੇ ਬਿਨਾਂ ਕਰਵਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਿਹਾ ਹੈ ਪਰ ਆਈ. ਪੀ. ਐੱਲ. ਟੀਮਾਂ ਟੂਰਨਾਮੈਂਟ ਲਈ ਵਿਦੇਸ਼ੀ ਸਿਤਾਰਿਆਂ ਨੂੰ ਚਾਹੁੰਦੀਆਂ ਹਨ, ਜਦਕਿ ਸਰਕਾਰ ਦੇ ਤਾਜ਼ਾ ਵਿਚਾਰ ਤੋਂ ਬਾਅਦ ਇਹ ਸਥਿਤੀ ਮੁਸ਼ਕਿਲ ਲੱਗਦੀ ਹੈ। ਸਰਕਾਰ ਨੇ ਸਾਰੇ ਮੌਜੂਦਾ ਵੀਜ਼ਾ 'ਤੇ 15 ਅਪ੍ਰੈਲ ਤਕ ਲਈ ਪਾਬੰਦੀ ਲਾ ਦਿੱਤੀ ਹੈ। ਇਸ ਸਥਿਤੀ ਵਿਚ ਵਿਦੇਸ਼ੀ ਖਿਡਾਰੀਆਂ ਦਾ 15 ਅਪ੍ਰੈਲ ਤਕ ਆਈ. ਪੀ. ਐੱਲ. ਵਿਚ ਹਿੱਸਾ ਲੈਣਾ ਮੁਸ਼ਕਿਲ ਹੈ। ਕੇਂਦਰੀ ਖੇਡ ਮੰਤਰਾਲਾ ਨੇ ਬੀ. ਸੀ. ਸੀ. ਆਈ. ਸਮੇਤ ਸਾਰੇ ਰਾਸ਼ਟਰੀ ਖੇਡ ਮਹਾਸੰਘਾਂ ਨੂੰ ਕਿਹਾ ਹੈ ਕਿ ਉਹ ਸਿਹਤ ਮੰਤਰਾਲਾ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਅਜਿਹਾ ਟੂਰਨਾਮੈਟਾਂ ਦਾ ਆਯੋਜਨ ਕਰਨ ਤੋਂ ਬਚਣ, ਜਿੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ।


Related News