ਝਿੜਕਣ ਤੋਂ ਨਾਰਾਜ਼ ਘਰੇਲੂ ਨੌਕਰ ਨੇ ਕੀਤਾ ਮਾਲਕਣ ਤੇ ਉਸਦੇ ਨਾਬਾਲਗ ਪੁੱਤਰ ਦਾ ਕਤਲ
Thursday, Jul 03, 2025 - 10:54 PM (IST)

ਨਵੀਂ ਦਿੱਲੀ, (ਅਨਸ)- ਦੱਖਣ-ਪੂਰਬੀ ਦਿੱਲੀ ਦੇ ਲਾਜਪਤ ਨਗਰ ਵਿਚ ਝਿੜਕਣ ਤੋਂ ਨਾਰਾਜ਼ ਇਕ ਘਰੇਲੂ ਨੌਕਰ ਨੇ ਆਪਣੀ ਮਾਲਕਣ ਅਤੇ ਉਸਦੇ ਨਾਬਾਲਗ ਪੁੱਤਰ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਬਿਹਾਰ ਦੇ ਹਾਜੀਪੁਰ ਨਿਵਾਸੀ ਮੁਲਜ਼ਮ ਮੁਕੇਸ਼ (24) ਨੂੰ ਉੱਤਰ ਪ੍ਰਦੇਸ਼ ਰੇਲਵੇ ਪੁਲਸ ਨੇ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਰੇਲਗੱਡੀ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੁੱਧਵਾਰ ਰਾਤ 9.43 ਵਜੇ ਲਾਜਪਤ ਨਗਰ ਨਿਵਾਸੀ ਕੁਲਦੀਪ ਸੇਵਾਨੀ ਨੇ ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) ਨੂੰ ਕਾਲ ਕੀਤੀ। ਪੁਲਸ ਮੁਤਾਬਕ, ਸੇਵਾਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੀ ਪਤਨੀ ਰੁਚਿਕਾ (42) ਅਤੇ 14 ਸਾਲਾ ਪੁੱਤਰ ਫੋਨ ਨਹੀਂ ਚੁੱਕ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਸੇਵਾਨੀ ਦੇ ਘਰ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ। ਉਨ੍ਹਾਂ ਨੇ ਦੇਖਿਆ ਕਿ ਘਰ ਦੀਆਂ ਪੌੜੀਆਂ ’ਤੇ ਖੂਨ ਦੇ ਿਨਸ਼ਾਨ ਸਨ। ਰੁਚਿਕਾ ਅਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਘਰ ਦੇ ਅੰਦਰੋਂ ਮਿਲੀਆਂ। ਦੱਸਿਆ ਜਾਂਦਾ ਹੈ ਕਿ ਔਰਤ ਨੇ ਮੁਕੇਸ਼ ਨੂੰ ਕਿਸੇ ਗੱਲ ਲਈ ਝਿੜਕਿਆ ਸੀ, ਜਿਸ ਦਾ ਬਦਲਾ ਲੈਣ ਲਈ ਉਸਨੇ ਇਹ ਅਪਰਾਧ ਨੂੰ ਅੰਜਾਮ ਦਿੱਤਾ।