ਕੋਵਿਡ-19 : ਦੇਸ਼ ''ਚ ''ਕੋਰੋਨਾ ਮਰੀਜ਼ਾਂ'' ਦੇ ਠੀਕ ਹੋਣ ਦੀ ਦਰ 50 ਫੀਸਦੀ ਤੋਂ ਵਧੇਰੇ

06/14/2020 6:14:22 PM

ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਇਹ ਹੁਣ 50 ਫੀਸਦੀ ਤੋਂ ਵਧੇਰੇ ਹੋ ਗਈ ਹੈ। ਹੁਣ ਤੱਕ ਦੇਸ਼ 'ਚ 1,62,378 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਕੁੱਲ 1,49,348 ਕੋਰੋਨਾ ਮਰੀਜ਼ ਮੈਡੀਕਲ ਨਿਗਰਾਨੀ ਵਿਚ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਵਿਚ ਐਤਵਾਰ ਨੂੰ ਦੱਸਿਆ ਗਿਆ ਹੈ ਕਿ ਇਸ ਸਮੇਂ ਮਰੀਜ਼ਾਂ ਦੇ ਠੀਕ ਹੋਣ ਦੀ ਦਰ 50.60 ਫੀਸਦੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਜਿੰਨੇ ਮਰੀਜ਼ ਆਏ ਹਨ, ਉਨ੍ਹਾਂ 'ਚੋਂ ਅੱਧੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸਮੇਂ 'ਤੇ ਕੋਰੋਨਾ ਦੇ ਸ਼ੱਕੀ ਮਾਮਲਿਆਂ ਦੀ ਜਾਂਚ ਅਤੇ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਇਸ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। 

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਿਨ ਵਿਚ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਕਰ ਕੇ ਰਾਜਧਾਨੀ ਦਿੱਲੀ 'ਚ ਕੋਵਿਡ ਮਾਮਲਿਆਂ ਦੀ ਸਥਿਤੀ 'ਤੇ ਚਰਚਾ ਕੀਤੀ। ਇਸ ਦੌਰਾਨ ਕੰਟੇਨਮੈਂਟ ਜ਼ੋਨਾਂ, ਸ਼ੱਕੀ ਲੋਕਾਂ ਅਤੇ ਹੋਰ ਲੋਕਾਂ ਦੇ ਵੱਧ ਟੈਸਟ ਕੀਤੇ ਜਾਣ ਅਤੇ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ 'ਤੇ ਜ਼ੋਰ ਦਿੱਤਾ ਗਿਆ। 

ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਵੀ ਕੋਰੋਨਾ ਮਰੀਜ਼ਾਂ ਲਈ ਆਪਣੀ ਜਾਂਚ ਪ੍ਰਕਿਰਿਆ 'ਚ ਵਾਧਾ ਕੀਤਾ ਹੈ ਅਤੇ ਇਸ ਸਮੇਂ ਦੇਸ਼ ਵਿਚ 646 ਸਰਕਾਰੀ ਅਤੇ 247 ਪ੍ਰਾਈਵੇਟ ਖੇਤਰ ਦੀਆਂ ਪ੍ਰਯੋਗਸ਼ਲਾਵਾਂ ਕੋਰੋਨਾ ਦੀ ਜਾਂਚ ਵਿਚ ਲੱਗੀਆਂ ਹਨ। ਪਿਛਲੇ 24 ਘੰਟਿਆਂ ਵਿਚ 1,51,432 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਹੁਣ ਤੱਕ ਦੇਸ਼ ਵਿਚ 56,58,614 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 3.20 ਲੱਖ ਤੋਂ ਪਾਰ ਹੋ ਗਿਆ ਹੈ।


Tanu

Content Editor

Related News