ਮਰੀਜ਼ਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ, PGI ’ਚ ਸਥਾਪਿਤ ਹੋਵੇਗਾ ਟਰਾਂਸਪਲਾਂਟ ਸੈਂਟਰ
Sunday, Mar 22, 2026 - 10:58 AM (IST)
ਚੰਡੀਗੜ੍ਹ (ਸ਼ੀਨਾ) : ਉੱਤਰੀ ਭਾਰਤ ਦੇ ਪ੍ਰਮੁੱਖ ਸਿਹਤ ਸੰਸਥਾਨ ਪੀ. ਜੀ. ਆਈ. ਵੱਲੋਂ ਟਰਾਂਸਪਲਾਂਟ ਸੇਵਾਵਾਂ ਨੂੰ ਨਵੇਂ ਪੱਧਰ ’ਤੇ ਲੈ ਜਾਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਸੰਸਥਾ ’ਚ ਜਲਦ ਹੀ ਸਮਰਪਿਤ ਟਰਾਂਸਪਲਾਂਟ ਸੈਂਟਰ ਸਥਾਪਿਤ ਕੀਤਾ ਜਾਵੇਗਾ। ਇਸ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਦੇ ਨਾਲ-ਨਾਲ ਉਡੀਕ ਸਮੇਂ ’ਚ ਵੀ ਕਮੀ ਆਉਣ ਦੀ ਉਮੀਦ ਹੈ। ਇਹ ਐਲਾਨ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਆਈ. ਐੱਸ. ਟੀ. ਐੱਸ. ਦੀ ਸਾਲਾਨਾ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਸੈਂਟਰ ਨਾਲ ਟਰਾਂਸਪਲਾਂਟ ਸੇਵਾਵਾਂ ਦੀ ਗੁਣਵੱਤਾ ਤੇ ਕੁਸ਼ਲਤਾ ਦੋਵਾਂ ’ਚ ਮਹੱਤਵਪੂਰਨ ਸੁਧਾਰ ਆਵੇਗਾ। ਪ੍ਰੋ. ਵਿਵੇਕ ਲਾਲ ਨੇ ਟਰਾਂਸਪਲਾਂਟ ਨੂੰ ਸਰਜੀਕਲ ਵਿਗਿਆਨ ਦਾ ਸਭ ਤੋਂ ਉੱਚਾ ਤੇ ਮਨੁੱਖੀ ਰੂਪ ਕਰਾਰ ਦਿੰਦਿਆਂ ਕਿਹਾ ਕਿ ਇਹ ਸਿਰਫ਼ ਜਾਨਾਂ ਨਹੀਂ ਬਚਾਉਂਦਾ, ਸਗੋਂ ਮਰੀਜ਼ਾਂ ਨੂੰ ਮਾਣ, ਵਿਸ਼ਵਾਸ ਤੇ ਨਵੀਂ ਉਮੀਦ ਵੀ ਦਿੰਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਖੇਤਰ ’ਚ ਉੱਤਮਤਾ ਹਾਸਲ ਕਰਨ ਲਈ ਮਜ਼ਬੂਤ ਨੀਂਹ, ਸਖ਼ਤ ਸਿਖਲਾਈ ਤੇ ਅਨੁਸ਼ਾਸਨ ਬਹੁਤ ਜ਼ਰੂਰੀ ਹਨ। ਇਕ ਵਧੀਆ ਟਰਾਂਸਪਲਾਂਟ ਸਰਜਨ ਬਣਨ ਤੋਂ ਪਹਿਲਾਂ ਇਕ ਚੰਗਾ ਸਰਜਨ ਹੋਣਾ ਲਾਜ਼ਮੀ ਹੈ।
5600 ਸਫਲ ਟਰਾਂਸਪਲਾਂਟ ਪਰ ਸਰੋਤਾਂ ਦੀ ਘਾਟ ਚੁਣੌਤੀ
ਰੀਨਲ ਟਰਾਂਸਪਲਾਂਟ ਵਿਭਾਗ ਦੇ ਮੁਖੀ ਡਾ. ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਪੀ. ਜੀ. ਆਈ. ਨੇ ਹੁਣ ਤੱਕ ਲਗਭਗ 5600 ਟਰਾਂਸਪਲਾਂਟ ਸਫ਼ਲਤਾ ਪੂਰਵਕ ਕੀਤੇ ਹਨ, ਜੋ ਆਪਣੇ ਆਪ ’ਚ ਵੱਡੀ ਉਪਲੱਬਧੀ ਹੈ। ਮੌਜੂਦਾ ਸਮੇਂ ’ਚ ਸਿਰਫ਼ 10 ਬਿਸਤਰਿਆਂ ਦੇ ਸੀਮਤ ਸਰੋਤਾਂ ਦੇ ਬਾਵਜੂਦ ਮਾਹਰਾਂ ਦੀ ਟੀਮ ਲਗਾਤਾਰ ਮਿਹਨਤ ਕਰ ਰਹੀ ਹੈ। ਨਵਾਂ ਸੈਂਟਰ ਬਣਨ ਨਾਲ ਸਹੂਲਤਾਂ ’ਚ ਵਾਧਾ ਹੋਵੇਗਾ ਤੇ ਮਰੀਜ਼ਾਂ ਦੀ ਲੰਬੀ ਉਡੀਕ ਘਟੇਗੀ। ਪੀ.ਜੀ.ਆਈ. ਵੱਲੋਂ ਸਮਰਪਿਤ ਟਰਾਂਸਪਲਾਂਟ ਸੈਂਟਰ ਦੀ ਸਥਾਪਨਾ ਸਿਰਫ਼ ਨਵੀਂ ਸੁਵਿਧਾ ਨਹੀਂ, ਸਗੋਂ ਹਜ਼ਾਰਾਂ ਮਰੀਜ਼ਾਂ ਲਈ ਨਵੀਂ ਜ਼ਿੰਦਗੀ ਦੀ ਉਮੀਦ ਹੈ। ਇਹ ਕਦਮ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਦੇਸ਼ ’ਚ ਟਰਾਂਸਪਲਾਂਟ ਦੇ ਖੇਤਰ ਨੂੰ ਵੀ ਨਵੀਂ ਦਿਸ਼ਾ ਦੇਵੇਗਾ।
ਰੋਬੋਟਿਕ ਟਰਾਂਸਪਲਾਂਟ ਨਾਲ ਵਧੇਗੀ ਰਫ਼ਤਾਰ, ਤੀਜਾ ਰੋਬੋਟ ਵੀ ਖਰੀਦਿਆ ਜਾਵੇਗਾ
ਡਾ. ਸ਼ਰਮਾ ਨੇ ਦੱਸਿਆ ਕਿ ਪੀ. ਜੀ. ਆਈ. ’ਚ ਰੋਬੋਟਿਕ ਟਰਾਂਸਪਲਾਂਟੇਸ਼ਨ ਤਕਨਾਲੋਜੀ ਵੀ ਵਰਤੀ ਜਾ ਰਹੀ ਹੈ, ਜੋ ਸਰਜਰੀ ਨੂੰ ਹੋਰ ਸੁਰੱਖਿਅਤ ਤੇ ਸਟੀਕ ਬਣਾਉਂਦੀ ਹੈ। ਮੌਜੂਦਾ ਸਮੇਂ ’ਚ ਸੰਸਥਾ ਕੋਲ ਦੋ ਰੋਬੋਟ ਹਨ ਤੇ ਜਲਦ ਹੀ ਤੀਜਾ ਰੋਬੋਟ ਵੀ ਖਰੀਦਿਆ ਜਾ ਰਿਹਾ ਹੈ। ਇਸ ਨਾਲ ਇਕੋ ਸਮੇਂ ਵੱਧ ਆਪਰੇਸ਼ਨ ਕਰਨਾ ਸੰਭਵ ਹੋਵੇਗਾ ਤੇ ਮਰੀਜ਼ਾਂ ਦੀ ਤੇਜ਼ ਰਿਕਵਰੀ ਵੀ ਹੋਵੇਗੀ। ਡਾਇਰੈਕਟਰ ਨੇ ਟਰਾਂਸਪਲਾਂਟ ਕੋ-ਆਰਡੀਨੇਟਰਾਂ ਤੇ ਦਾਨੀ ਪਰਿਵਾਰਾਂ ਦੀ ਭੂਮਿਕਾ ਦੀ ਵੀ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜੋ ਮੁਸ਼ਕਲ ਸਮੇਂ ’ਚ ਪਰਿਵਾਰਾਂ ਨੂੰ ਸਮਝਾ ਕੇ ਇਸ ਜੀਵਨ ਬਚਾਉਣ ਵਾਲੀ ਮੁਹਿੰਮ ਨੂੰ ਅੱਗੇ ਵਧਾਉਂਦੇ ਹਨ।
