2 ਖੁਰਾਕਾਂ ਦਾ ਟੀਕਾ ਹੈ ਕੋਵੈਕਸੀਨ, ਵਿਜ ਨੂੰ ਪਹਿਲੀ ਖੁਰਾਕ ਹੀ ਦਿੱਤੀ ਗਈ ਸੀ : ਸਿਹਤ ਮੰਤਰਾਲਾ
Saturday, Dec 05, 2020 - 04:30 PM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਕੋਵੈਕਸੀਨ 2 ਖੁਰਾਕਾਂ ਵਾਲਾ ਕੋਰੋਨਾ ਵਾਇਰਸ ਟੀਕਾ ਹੈ ਅਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਸਿਰਫ਼ ਪਹਿਲੀ ਖੁਰਾਕ ਦਿੱਤੀ ਗਈ ਸੀ। ਵਿਜ ਨੇ ਐਲਾਨ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਕੋਵੈਕਸੀਨ ਇਕ ਦੇਸੀ ਟੀਕਾ ਹੈ, ਜਿਸ ਨੂੰ ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਭਾਰਤ ਬਾਇਓਟੇਕ ਵਿਕਸਿਤ ਕਰ ਰਹੀ ਹੈ। ਵਿਜ ਨੇ ਕੋਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣ 'ਚ ਪਹਿਲਾ ਸਵੈ-ਸੇਵੀ ਬਣਨ ਦੀ ਪੇਸ਼ਕਸ਼ ਕੀਤੀ ਸੀ। ਕੋਰੋਨਾ ਹੋਣ ਦੇ ਅਨਿਲ ਵਿਜ ਦੇ ਐਲਾਨ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਟੀਕੇ ਦੀ ਦੂਜੀ ਖੁਰਾਕ ਲੈਣ ਦੇ ਕੁਝ ਦਿਨ ਬਾਅਦ ਹੀ ਕਿਸੇ ਵਿਅਕਤੀ 'ਚ ਐਂਟੀਬਾਡੀ ਦਾ ਨਿਰਮਾਣ ਹੁੰਦਾ ਹੈ। ਇਹ 2 ਖੁਰਾਕਾਂ ਵਾਲਾ ਟੀਕਾ ਹੈ ਅਤੇ ਮੰਤਰੀ ਨੇ ਟੀਕੇ ਦੀ ਸਿਰਫ਼ ਇਕ ਹੀ ਖੁਰਾਕ ਲਈ ਸੀ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਵੀ ਅਨਿਲ ਵਿਜ ਹੋਏ ਕੋਰੋਨਾ ਪਾਜ਼ੇਟਿਵ, ਹਸਪਤਾਲ 'ਚ ਦਾਖ਼ਲ
ਹਰਿਆਣਾ ਦੇ ਸਿਹਤ ਮੰਤਰੀ ਵਿਜ ਨੇ ਵੀ ਕਿਹਾ ਕਿ ਦੂਜੀ ਖੁਰਾਕ ਲੈਣ ਤੋਂ ਬਾਅਦ ਐਂਟੀਬਾਡੀ ਦਾ ਨਿਰਮਾਣ ਹੋਣ ਲੱਗਦਾ ਹੈ ਅਤੇ ਪਹਿਲੀ ਖੁਰਾਕ ਦੇ 28 ਦਿਨਾਂ ਬਾਅਦ ਦੂਜੀ ਖੁਰਾਕ ਦਿੱਤੀ ਜਾਂਦੀ ਹੈ। ਇਸ ਵਿਚ ਦੀ ਮਿਆਦ 'ਚ ਕੋਈ ਸੁਰੱਖਿਆ ਨਹੀਂ ਹੁੰਦੀ। 67 ਸਾਲਾ ਵਿਜ ਨੂੰ 20 ਨਵੰਬਰ ਨੂੰ ਪਹਿਲੀ ਖੁਰਾਕ ਦਿੱਤੀ ਗਈ ਸੀ। ਵਿਜ ਨੇ ਕਿਹਾ ਕਿ ਕੋਵਿਡ ਟੀਕਾ ਕਿਵੇਂ ਕੰਮ ਕਰਦਾ ਹੈ, ਇਸ ਬਾਰੇ ਮਾਹਰ ਹੀ ਖੁਰਾਕ ਜ਼ਿਆਦਾ ਤਰੀਕੇ ਨਾਲ ਜਾਣਦੇ ਹਨ। ਉਨ੍ਹਾਂ ਨੇ ਕਿਹਾ,''ਮੈਨੂੰ ਦੱਸਿਆ ਗਿਆ ਕਿ ਦੂਜੀ ਖੁਰਾਕ ਤੋਂ ਬਾਅਦ ਐਂਟੀਬਾਡੀ ਬਣਨ ਲੱਗਦੀ ਹੈ ਅਤੇ ਦੂਜੀ ਖੁਰਾਕ ਪਹਿਲੀ ਖੁਰਾਕ ਦੇ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਦੂਜੀ ਖੁਰਾਕ ਦੇ 14 ਦਿਨਾਂ ਬਾਅਦ ਪੂਰੀ ਤਰ੍ਹਾਂ ਨਾਲ ਐਂਟੀਬਾਡੀ ਬਣਦੀ ਹੈ। ਇਸ ਲਈ ਇਹ ਪੂਰਾ ਚੱਕਰ 42 ਦਿਨਾਂ ਦਾ ਹੁੰਦਾ ਹੈ। ਇਸ ਮਿਆਦ 'ਚ ਕੋਈ ਸੁਰੱਖਿਆ ਨਹੀਂ ਹੁੰਦੀ ਹੈ।'' ਮੰਤਰੀ ਤੋਂ ਜਦੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਗਲੇ 'ਚ ਪਰੇਸ਼ਾਨੀ ਹੈ, ਬੁਖ਼ਾਰ ਅਤੇ ਸਰੀਰ 'ਚ ਦਰਦ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: PM ਮੋਦੀ ਦੀ ਬੈਠਕ ਖ਼ਤਮ, ਨਵਾਂ ਫਾਰਮੂਲਾ ਪੇਸ਼ ਕਰਨ ਦੀ ਤਿਆਰੀ 'ਚ ਸਰਕਾਰ