ਕੋਰਟ ਨੇ 42 ਸਾਲ ਪੁਰਾਣੇ ਮਾਮਲੇ ''ਚ 90 ਸਾਲਾ ਬਜ਼ੁਰਗ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

06/03/2023 5:23:56 PM

ਫਿਰੋਜ਼ਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੀ ਜ਼ਿਲ੍ਹਾ ਅਦਾਲਤ ਨੇ 42 ਸਾਲ ਪੁਰਾਣੇ 10 ਦਲਿਤਾਂ ਦੇ ਕਤਲ ਦੇ ਇਕ ਮਾਮਲੇ 'ਚ 90 ਸਾਲਾ ਇਕ ਬਜ਼ੁਰਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸਰਕਾਰੀ ਵਕੀਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਦਾਲਤ ਨੇ ਦੋਸ਼ੀ ਗੰਗਾ ਦਿਆਲ 'ਤੇ 55 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ 1981 'ਚ ਜ਼ਿਲ੍ਹਾ ਮੈਨਪੁਰੀ ਦੇ ਥਾਣਾ ਸ਼ਿਕੋਹਾਬਾਦ ਦੇ ਅਧੀਨ ਵਾਪਰਿਆ ਸੀ, ਜੋ ਹੁਣ ਫਿਰੋਜ਼ਾਬਾਦ ਜ਼ਿਲ੍ਹੇ ਦੀ ਮੱਖਣਪੁਰ ਥਾਣਾ ਕੋਤਵਾਲੀ ਦੇ ਅਧੀਨ ਆਉਂਦਾ ਹੈ। ਫਿਰੋਜ਼ਾਬਾਦ ਜ਼ਿਲ੍ਹਾ ਫਰਵਰੀ 1989 'ਚ ਹੋਂਦ 'ਚ ਆਇਆ। ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਉਪਾਧਿਆਏ ਨੇ ਦੱਸਿਆ ਕਿ 42 ਸਾਲ ਪਹਿਲਾਂ ਦਸੰਬਰ 1981 'ਚ ਪਿੰਡ ਸਾਢੂਪੁਰ 'ਚ 10 ਦਲਿਤਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸਾ : ਚਸ਼ਮਦੀਦ ਨੇ ਸੁਣਾਈ ਆਪਬੀਤੀ, ਨੀਂਦ ਤੋਂ ਜਾਗਿਆ ਤਾਂ ਦੇਖਿਆ ਕਿਸੇ ਦਾ ਹੱਥ ਨਹੀਂ ਹੈ ਤਾਂ ਕਿਸੇ ਦਾ ਪੈਰ 

ਉਨ੍ਹਾਂ ਦੱਸਿਆ,''ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ 10 ਦੋਸ਼ੀਆਂ ਖ਼ਿਲਾਫ਼ ਮੈਨਪੁਰੀ ਦੀ ਇਕ ਅਦਾਲਤ 'ਚ ਦੋਸ਼ ਪੱਤਰ ਦਾਇਰ ਕੀਤਾ ਸੀ।'' ਉਪਾਧਿਆਏ ਨੇ ਦੱਸਿਆ,''ਇਕ ਅਕਤੂਬਰ 2021 ਨੂੰ ਮਾਮਲਾ ਫਿਰੋਜ਼ਾਬਾਦ ਦੇ ਜ਼ਿਲ੍ਹਾ ਜੱਜ ਹਰਵੀਰ ਸਿੰਘ ਦੀ ਅਦਾਲਤ 'ਚ ਟਰਾਂਸਫਰ ਕਰ ਦਿੱਤਾ ਗਿਆ (ਕਿਉਂਕਿ ਸਾਢੂਪੁਰ ਮੱਖਣਪੁਰ ਥਾਣਾ ਖੇਤਰ ਦੇ ਅਧੀਨ ਆਉਂਦਾ ਹੈ)।'' ਜ਼ਿਲ੍ਹਾ ਸਰਕਾਰੀ ਵਕੀਲ ਨੇ ਦੱਸਿਆ ਕਿ ਜਿਹੜੇ 10 ਦੋਸ਼ੀਆਂ ਨੂੰ ਦੋਸ਼ ਪੱਤਰ 'ਚ ਮੁਲਜ਼ਮ ਬਣਾਇਆ ਗਿਆ ਸੀ, ਉਨ੍ਹਾਂ ਨਚੋਂ 9 ਲੋਕਾਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਜਦੋਂ ਕਿ 90 ਸਾਲਾ ਗੰਗਾ ਦਿਆਲ ਹੀ ਜਿਊਂਦਾ ਬਚਿਆ ਸੀ, ਜਿਸ ਨੂੰ ਜੱਜ ਹਰਵੀਰ ਸਿੰਘ ਦੀ ਅਦਾਲਤ ਨੇ ਵੀਰਵਾਰ ਨੂੰ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਉਮਰ ਕੈਦ ਸੀ ਸਜ਼ਾ ਸੁਣਾਈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਸ 'ਤੇ 55 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਭਰਨ ਦੀ ਸਥਿਤੀ 'ਚ 13 ਮਹੀਨੇ ਦੀ ਵਾਧੂ ਸਜ਼ਾ ਭੁਗਤਣ ਦਾ ਵੀ ਆਦੇਸ਼ ਸੁਣਾਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News