ਮਾਂ ਦੀ ਅਰਥੀ ਨੂੰ ਕਿਸੇ ਨਾ ਦਿੱਤਾ ਮੋਢਾ; ਪੁੱਤ ਨੇ ਸੁਣਾਈ ਹੱਡ ਬੀਤੀ, ਕਿਹਾ- ‘ਲੋਕਾਂ ਨੇ ਵੇਖ ਕੇ ਬੰਦ ਕਰ ਲਏ ਬੂਹੇ’
Saturday, May 15, 2021 - 12:53 PM (IST)
ਬਨਖੰਡੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਵੱਡੀ ਗਿਣਤੀ ’ਚ ਲੋਕ ਆਪਣਿਆਂ ਨੂੰ ਗੁਆ ਰਹੇ ਹਨ। ਹਾਲਾਤ ਇੰਨੇ ਖ਼ਰਾਬ ਹੋ ਗਏ ਹਨ ਕਿ ਲੋਕ ਅਰਥੀ ਤੱਕ ਨੂੰ ਮੋਢਾ ਤਾਂ ਕੀ ਦੇਣਾ, ਵੇਖ ਕੇ ਬੂਹੇ ਹੀ ਬੰਦ ਕਰ ਰਹੇ ਹਨ। ਕੋਰੋਨਾ ਦਾ ਖੌਫ਼ ਇੰਨਾ ਜ਼ਿਆਦਾ ਹੈ ਕਿ ਇਸ ਤੋਂ ਹਰ ਕੋਈ ਬਚ ਰਿਹਾ ਹੈ। ਆਖ਼ਰਕਾਰ ਇਕ ਦਿਨ ਮਰਨਾ ਤਾਂ ਸਭ ਨੇ ਹੈ ਪਰ ਡਰ ਇਹ ਹੈ ਕਿ ਮਨੁੱਖਤਾ ਮਰ ਰਹੀ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ।
ਲੋਕਾਂ ਨੇ ਬੂਹੇ ਬੰਦ ਕਰ ਲਏ ਅਤੇ ਕੋਈ ਤਸਵੀਰਾਂ ਖਿੱਚ ਰਿਹਾ ਸੀ—
ਹਿਮਾਚਲ ਪ੍ਰਦੇਸ਼ ਦੇ ਰਾਨੀਤਾਲ ਦੇ ਸਰਹੱਦੀ ਖੇਤਰ ਭੰਗਵਾਰ ਦੇ ਵੀਰ ਸਿੰਘ ਨਾਂ ਦੇ ਸ਼ਖਸ ਨਾਲ ਵਾਪਰੀ ਘਟਨਾ ਸੱਚ-ਮੁੱਚ ਹੀ ਸਾਰਿਆਂ ਨੂੰ ਹਿਲਾ ਕੇ ਰੱਖ ਦੇਵੇਗੀ। ਵੀਰ ਸਿੰਘ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਸਵੇਰੇ 4 ਵਜੇ ਮਾਂ ਦਾ ਦਿਹਾਂਤ ਹੋਇਆ ਅਤੇ ਮੈਂ 11 ਵਜੇ ਤੱਕ ਉਡੀਕ ਕਰਦਾ ਰਿਹਾ ਕਿ ਕੋਈ ਮਦਦ ਲਈ ਆਵੇਗਾ। ਜਦੋਂ ਮੈਂ ਆਪਣੀ ਮਾਂ ਦੀ ਲਾਸ਼ ਚੁੱਕ ਕੇ ਜਾ ਰਿਹਾ ਸੀ ਤਾਂ ਲੋਕਾਂ ਨੇ ਵੇਖ ਕੇ ਬੂਹੇ ਬੰਦ ਕਰ ਲਏ ਸਨ ਅਤੇ ਕਈ ਲੋਕ ਤਸਵੀਰਾਂ ਖਿੱਚ ਰਹੇ ਸਨ। ਪੁੱਤ ਵਲੋਂ ਆਪਣੀ ਮਾਂ ਨੂੰ ਚੁੱਕ ਕੇ ਲੈ ਕੇ ਜਾਣ ਦੀ ਤਸਵੀਰ ਮੀਡੀਆ ਤੱਕ ਪਹੁੰਚ ਗਈ।
ਡਾਕਟਰਾਂ ਨੇ ਕਿਹਾ: ਨਾ ਸਾਡੇ ਕੋਲ ਬੈੱਡ ਅਤੇ ਨਾ ਆਕਸੀਜਨ, ਤੁਸੀਂ ਵੇਖ ਲਓ ਕੀ ਕਰਨਾ—
ਵੀਰ ਸਿੰਘ ਭੰਗਵਾਰ ਵਿਚ ਹੀ ਇਕ ਕਲੀਨਿਕ ਵਿਚ ਕੰਮ ਕਰਦਾ ਹੈ। ਵੀਰ ਸਿੰਘ ਨੇ ਸਿਹਤ ਮਹਿਕਮੇ ’ਤੇ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਜਦੋਂ ਉਹ ਆਪਣੀ ਮਾਂ ਨੂੰ ਐਂਬੂਲੈਂਸ ਜ਼ਰੀਏ ਟਾਂਡਾ ਮੈਡੀਕਲ ਕਾਲਜ ਹਸਪਤਾਲ ਲੈ ਕੇ ਪੁੱਜਿਆ ਤਾਂ ਤਾਂ ਉਨ੍ਹਾਂ ਦਾ ਪਹਿਲਾਂ ਕੋਵਿਡ ਟੈਸਟ ਕੀਤਾ ਗਿਆ, ਰਿਪੋਰਟ ਪਾਜ਼ੇਟਿਵ ਆਈ ਤਾਂ ਡਾਕਟਰਾਂ ਨੇ ਕਿਹਾ ਕਿ ਹਸਪਤਾਲ ’ਚ ਅਸੀਂ ਉਨ੍ਹਾਂ ਨੂੰ ਦਾਖ਼ਲ ਨਹੀਂ ਕਰ ਸਕਦੇ ਕਿਉਂਕਿ ਨਾ ਤਾਂ ਇੱਥੇ ਬੈੱਡ ਖਾਲੀ ਹੈ ਅਤੇ ਨਾ ਹੀ ਆਕਸੀਜਨ, ਇਸ ਲਈ ਤੁਸੀਂ ਵੇਖ ਲਓ ਕੀ ਕਰਨਾ ਹੈ? ਫਿਰ ਅਸੀਂ ਦਵਾਈ ਲੈ ਕੇ ਘਰ ਆ ਗਏ ਅਤੇ ਸਵੇਰੇ 4 ਵਜੇ ਦੇ ਕਰੀਬ ਮੇਰੀ ਮਾਂ ਦੀ ਮੌਤ ਹੋ ਗਈ।
ਸੋਸ਼ਲ ਮੀਡੀਆ ’ਚ ਗੂੂੰਜੀ ਗੱਲ—
ਦੱਸ ਦੇਈਏ ਕਿ ਰਾਨੀਤਾਲ ਦੇ ਸਰਹੱਦੀ ਖੇਤਰ ਭੰਗਵਾਰ ’ਚ ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਇਕ ਬੀਬੀ ਦੀ ਮੌਤ ਤੋਂ ਬਾਅਦ ਲਾਸ਼ ਨੂੰ ਪੁੱਤਰ ਵਲੋਂ ਇਕੱਲੇ ਆਪਣੇ ਮੋਢਿਆਂ ’ਤੇ ਚੁੱਕ ਕੇ ਲੈ ਕੇ ਜਾਣ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਗੂੰਜੀ। ਇਸ ਨੂੰ ਲੈ ਕੇ ਤਲਖ਼ ਟਿੱਪਣੀਆਂ ਦਾ ਦੌਰ ਚੱਲਦਾ ਰਿਹਾ। ਕੋਰੋਨਾ ਨਾਲ ਮਿ੍ਰਤਕ ਬੀਬੀ ਦੀ ਅਰਥੀ ਚੁੱਕਣ ਲਈ ਉਸ ਦੇ ਪੁੱਤਰ ਤੋਂ ਸਿਵਾਏ 3 ਮੋਢੇ ਤੱਕ ਨਹੀਂ ਮਿਲ ਸਕੇ। ਬੀਬੀ ਭੰਗਵਾਰ ਪੰਚਾਇਤ ਦੀ ਸਾਬਕਾ ਉੱਪ ਪ੍ਰਧਾਨ ਵੀ ਰਹਿ ਚੁੱਕੀ ਹੈ। ਅਜਿਹੇ ਵਿਚ ਪੁੱਤਰ ਨੇ ਮਾਂ ਦੀ ਲਾਸ਼ ਨੂੰ ਮੋਢੇ ’ਤੇ ਚੁੱਕ ਕੇ ਸ਼ਮਸ਼ਾਨਘਾਟ ਪਹੁੰਚਾਇਆ ਅਤੇ ਅੰਤਿਮ ਸੰਸਕਾਰ ਕੀਤਾ। ਓਧਰ ਦੋਸ਼ਾਂ ਬਾਰੇ ਟਾਂਡਾ ਮੈਡੀਕਲ ਕਾਲਜ ਹਸਪਤਾਲ ਦੇ ਪਿ੍ਰੰਸੀਪਲ ਭਾਨੂੰ ਅਵਸਥੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।