ਇਕ ਦਿਨ ''ਚ ਕੋਰੋਨਾ ਦੇ 26 ਹਜ਼ਾਰ ਤੋਂ ਵੱਧ ਮਾਮਲੇ, ਹੁਣ ਤੱਕ 21 ਹਜ਼ਾਰ ਤੋਂ ਵੱਧ ਲੋਕਾਂ ਦੀ ਹੋਈ ਮੌਤ

07/10/2020 11:46:35 AM

ਨਵੀਂ ਦਿੱਲੀ- ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਪਿਛਲੇ 24 ਘੰਟਿਆਂ 'ਚ 26,506 ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਇਕ ਦਿਨ 'ਚ ਸਭ ਤੋਂ ਵੱਧ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ 26,506 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ 7,93,802 ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਸਭ ਤੋਂ ਵੱਧ 24,879 ਮਾਮਲੇ ਸਾਹਮਣੇ ਆਏ ਸਨ। ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦਰਮਿਆਨ ਰਾਹਤ ਭਰੀ ਗੱਲ ਇਹ ਹੈ ਕਿ ਇਸ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ ਅਤੇ ਇਸ ਦੌਰਾਨ 19,135 ਰੋਗੀ ਸਿਹਤਮੰਦ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਕੁੱਲ 4,95,513 ਲੋਕ ਰੋਗ ਮੁਕਤ ਹੋ ਚੁਕੇ ਹਨ। ਦੇਸ਼ 'ਚ ਹਾਲੇ ਕੋਰੋਨਾ ਇਨਫੈਕਸ਼ਨ ਦੇ 2,76,685 ਸਰਗਰਮ ਮਾਮਲੇ ਹਨ।

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 475 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 21604 ਹੋ ਗਈ ਹੈ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 6,875 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਮਰੀਜ਼ਾਂ ਦਾ ਅੰਕੜਾ 2,30,599 'ਤੇ ਪਹੁੰਚ ਗਿਆ ਅਤੇ 219 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9,667 ਹੋ ਗਈ ਹੈ। ਸੂਬੇ 'ਚ 1,27,259 ਲੋਕ ਰੋਗਮੁਕਤ ਹੋਏ ਹਨ। ਇਨਫੈਕਸ਼ਨ ਦੇ ਮਾਮਲੇ 'ਚ ਦੂਜੇ ਸਥਾਨ 'ਤੇ ਪਹੁੰਚੇ ਤਾਮਿਲਨਾਡੂ 'ਚ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਦੇ ਪਾਰ ਹੋ ਗਈ ਹੈ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਇਨਫੈਕਸ਼ਨ ਦੇ ਮਾਮਲੇ 4,231 ਵੱਧ ਕੇ 1,26581 'ਤੇ ਪਹੁੰਚ ਗਏ ਹਨ ਅਤੇ ਇਸੇ ਮਿਆਦ 'ਚ 65 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 1765 ਹੋ ਗਈ ਹੈ। ਸੂਬੇ 'ਚ 78,161 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ।


DIsha

Content Editor

Related News