ਕੋਰੋਨਾ ਵਾਇਰਸ : ਈਰਾਨ 'ਚ ਫਸੇ 53 ਭਾਰਤੀ ਕੀਤੇ ਗਏ ਏਅਰਲਿਫਟ
Monday, Mar 16, 2020 - 10:37 AM (IST)
ਨਵੀਂ ਦਿੱਲੀ— ਈਰਾਨ ਦੀ ਰਾਜਧਾਨੀ ਤੇਹਰਾਨ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਫਸੇ 53 ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਇਸ 53 ਮੈਂਬਰਾਂ ਵਾਲੇ ਦਲ 'ਚ 52 ਵਿਦਿਆਰਥੀ ਅਤੇ ਇਕ ਟੀਚਰ ਹੈ। ਇਨ੍ਹਾਂ ਲੋਕਾਂ ਨੂੰ ਮਹਾਨ ਏਅਰਲਾਈਨਜ਼ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ ਹੈ। ਈਰਾਨ ਤੋਂ ਆਏ ਇਨ੍ਹਾਂ 53 ਭਾਰਤੀਆਂ ਦੀ ਫਲਾਈਟ ਦੇਰ ਰਾਤ 3.10 ਵਜੇ ਦਿੱਲੀ ਏਅਰਪੋਰਟ 'ਤੇ ਲੈਂਡ ਹੋਈ।
ਹੁਣ ਤੱਕ ਕੁੱਲ 389 ਭਾਰਤੀ ਲਿਆਂਦੇ ਗਏ ਹਨ ਭਾਰਤ
ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਈਰਾਨ ਤੋਂ ਇਨ੍ਹਾਂ 53 ਭਾਰਤੀਆਂ ਨੂੰ ਏਅਰਲਿਫਟ ਕਰਨ ਦੀ ਜਾਣਕਾਰੀ ਟਵੀਟ ਕਰ ਦਿੱਤੀ। ਵਿਦੇਸ਼ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਭਾਰਤੀਆਂ ਦਾ ਚੌਥਾ ਦਲ ਈਰਾਨ ਦੇ ਤੇਹਰਾਨ ਅਤੇ ਸ਼ਿਰਾਜ ਤੋਂ ਭਾਰਤ ਵਾਪਸ ਪਹੁੰਚ ਚੁਕਿਆ ਹੈ, ਜਿਸ 'ਚ ਕੁੱਲ 53 ਲੋਕਾਂ 'ਚੋਂ 52 ਵਿਦਿਆਰਥੀ ਅਤੇ ਇਕ ਟੀਚਰ ਹੈ। ਹੁਣ ਤੱਕ ਕੁੱਲ 389 ਭਾਰਤੀਆਂ ਨੂੰ ਈਰਾਨ ਤੋਂ ਵਾਪਸ ਲਿਆਂਦਾ ਜਾ ਚੁਕਿਆ ਹੈ। ਵਿਦੇਸ਼ ਮੰਤਰੀ ਨੇ ਈਰਾਨ 'ਚ ਮੌਜੂਦ ਭਾਰਤੀ ਦੂਤਘਰ ਦੇ ਕਰਮਚਾਰੀਆਂ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਇਟਲੀ 'ਚ ਫਸੇ 21 ਯਾਤਰੀਆਂ ਨੂੰ ਕੇਰਲ ਲਿਆਂਦਾ ਗਿਆ
44 ਮੈਂਬਰੀ ਦਲ ਨੂੰ ਏਅਰਲਾਈਨ ਰਾਹੀਂ ਦਿੱਲੀ ਲਿਆਂਦਾ ਗਿਆ
ਦੱਸਣਯੋਗ ਹੈ ਕਿ ਭਾਰਤ ਆਉਣ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੂੰ ਏਅਰਪੋਰਟ ਤੋਂ ਹੀ ਆਈਸੋਲੇਸ਼ਨ ਸੈਂਟਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਤੋਂ ਬਾਅਦ ਸਵੇਰੇ 4.30 'ਤੇ ਯੂਰਪੀ ਦੇਸ਼ਾਂ 'ਚ ਫਸੇ ਭਾਰਤੀਆਂ ਦੇ 44 ਮੈਂਬਰੀ ਦਲ ਨੂੰ ਏਅਰਲਾਈਨ ਰਾਹੀਂ ਦਿੱਲੀ ਲਿਆਂਦਾ ਗਿਆ। ਏਅਰਪੋਰਟ ਤੋਂ ਇਨ੍ਹਾਂ ਨੂੰ ਸਖਤ ਸੁਰੱਖਿਆ 'ਚ ਛਤਰਪੁਰ ਸਥਿਤ ਆਈਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ।