ਜਾਨਲੇਵਾ ਕੋਰੋਨਾ ਵਾਇਰਸ : ਜੈਪੁਰ-ਬਿਹਾਰ ਤੋਂ ਬਾਅਦ ਹੁਣ ਮਹਾਰਾਸ਼ਟਰ 'ਚ ਮਿਲਿਆ ਸ਼ੱਕੀ ਮਰੀਜ਼

Monday, Jan 27, 2020 - 01:57 PM (IST)

ਜਾਨਲੇਵਾ ਕੋਰੋਨਾ ਵਾਇਰਸ : ਜੈਪੁਰ-ਬਿਹਾਰ ਤੋਂ ਬਾਅਦ ਹੁਣ ਮਹਾਰਾਸ਼ਟਰ 'ਚ ਮਿਲਿਆ ਸ਼ੱਕੀ ਮਰੀਜ਼

ਮੁੰਬਈ— ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਕਾਰਨ ਹੜਕੰਪ ਮਚਿਆ ਹੋਇਆ ਹੈ ਅਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ। ਇਸ ਜਾਨਲੇਵਾ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਐਤਵਾਰ ਨੂੰ ਜੈਪੁਰ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਅੱਜ ਭਾਵ ਸੋਮਵਾਰ ਨੂੰ ਬਿਹਾਰ 'ਚ ਇਕ ਲੜਕੀ ਦੇ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਹੁਣ ਮਹਾਰਾਸ਼ਟਰ 'ਚ ਵੀ ਸ਼ੱਕੀ ਮਰੀਜ਼ ਮਿਲਿਆ ਹੈ। ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ 'ਚ ਵੱਖਰੇ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਕੌਮਾਂਤਰੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਜਾਂਚ ਤੋਂ ਬਾਅਦ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਪਿਛਲੇ ਹਫਤੇ 3 ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇੱਥੇ ਦੱਸ ਦੇਈਏ ਕਿ ਚੀਨ 'ਚ ਕੋਰੋਨਾ ਵਾਇਰਸ ਤੋਂ ਵੱਡੀ ਗਿਣਤੀ 'ਚ ਲੋਕ ਇਨਫੈਕਟਡ ਹਨ ਅਤੇ ਇਸ ਕਾਰਨ ਉੱਥੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਭਾਰਤ 'ਚ ਇਸ ਵਾਇਰਸ ਨੂੰ ਰੋਕਣ ਲਈ ਵੱਖ-ਵੱਖ ਹਵਾਈ ਅੱਡਿਆਂ 'ਤੇ ਚੀਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਜਾਂਚ ਕੀਤੀ ਜਾ ਰਹੀ ਹੈ। 

ਦਰਅਸਲ ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਕਿ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ 'ਚ ਸਮੱਸਿਆ ਤਕ ਪੈਦਾ ਕਰ ਸਕਦਾ ਹੈ। ਚੀਨ ਵਿਚ ਜਿਸ ਵਾਇਰਸ ਦੀ ਲਪੇਟ 'ਚ ਆ ਕੇ ਲੋਕਾਂ ਦੀ ਜਾਨ ਜਾ ਰਹੀ ਹੈ, ਉਸ ਇਸ ਤੋਂ ਵੱਖਰੀ ਕਿਸਮ ਦਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਕੋਰੋਨਾ ਵਾਇਰਸ ਨਾਲ ਇਨਫੈਕਟਡ ਵਿਅਕਤੀ 'ਚ ਬੁਖਾਰ, ਜੁਕਾਮ, ਸਾਹ ਲੈਣ 'ਚ ਤਕਲੀਫ ਵਰਗੇ ਲੱਛਣ ਨਜ਼ਰ ਆ ਰਹੇ ਹਨ।


author

Tanu

Content Editor

Related News