ਕੋਰੋਨਾ ਦੀ ਤੀਜੀ ਲਹਿਰ ਨੂੰ ਸੱਦਾ, ਹਿੱਲ ਸਟੇਸ਼ਨ ਹੀ ਨਹੀਂ, ਦਿੱਲੀ-ਮੁੰਬਈ ਸਮੇਤ ਕਈ ਸ਼ਹਿਰਾਂ ’ਚ ਟੁੱਟ ਰਹੇ ਨਿਯਮ
Friday, Jul 09, 2021 - 11:37 AM (IST)
ਨੈਸ਼ਨਲ ਡੈਸਕ– ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋਈ ਹੈ, ਹਾਲਾਂਕਿ, ਇਸ ਦੀ ਰਫਤਾਰ ’ਚ ਕਮੀ ਆਉਣ ਕਾਰਨ ਦੇਸ਼ ਦੇ ਤਮਾਮ ਸੂਬਿਆਂ ਨੇ ਕਈ ਤਰ੍ਹਾਂ ਦਿ ਢਿੱਲ ਦੇ ਦਿੱਤੀ ਹੈ ਤਾਂ ਜੋ ਆਰਥਿਕ ਵਿਵਸਥਾ ਪਟਰੀ ’ਤੇ ਆ ਸਕੇ। ਇਸ ਵਿਚਕਾਰ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਵੀ ਸ਼ੰਕਾ ਜਤਾਈ ਜਾ ਰਹੀ ਹੈ। ਡਾਕਟਰਾਂ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਲਾਪਰਵਾਹੀ ਦੇ ਚਲਦੇ ਹੀ ਦੇਸ਼ ਨੂੰ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਦਰਅਸਲ, ਕਈ ਸੂਬਿਆਂ ’ਚ ਅਨਲਾਕ ਹੁੰਦੇ ਹੀ ਲੋਕਾਂ ਦੀ ਭਾਰੀ ਭੀੜ ਬਾਜ਼ਾਰਾਂ ਆਦਿ ’ਚ ਵੇਖਣ ਨੂੰ ਮਿਲ ਰਹੀ ਹੈ। ਇੰਨਾ ਹੀ ਨਹੀਂ ਲੋਕ ਸਮਾਜਿਕ ਦੂਰੀ ਤੋਂ ਲੈ ਕੇ ਮਾਸਕ ਤਕ ਪਾਉਣਾ ਭੁੱਲ ਗਏ ਹਨ।
ਪਹਾੜੀ ਇਲਾਕਿਆਂ ’ਚ ਲੱਗੀ ਭੀੜ
ਉੱਤਰ-ਭਾਰਤ ’ਚ ਜ਼ਬਰਦਸਤ ਗਰਮੀ ਕਾਰਨ ਪਹਾੜੀ ਇਲਾਕਿਆਂ ’ਚ ਸੈਲਾਨੀ ਪਹੁੰਚ ਗਏ ਹਨ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਕੁੱਲੂ-ਮਨਾਲੀ, ਕੁਫਰੀ ਸਮੇਤ ਕਈ ਹਿੱਲ ਸਟੇਸ਼ਨ ’ਤੇ ਵੱਡੀ ਗਿਣਤੀ ’ਚ ਲੋਕ ਪਹੁੰਚ ਗਏ ਹਨ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਪਹਾੜੀ ਖੇਤਰਾਂ ਵਲ ਜਾ ਰਹੇ ਹਨ, ਇਸ ਵਿਚ ਕੁਝ ਗਲਤ ਨਹੀਂ ਹੈ ਪਰ ਲੋਕ ਕੋਰੋਨਾ ਨਿਯਮਾਂ ਦੀਆਂ ਵੀ ਜੰਮ ਕੇ ਧੱਜੀਆਂ ਉਡਾ ਰਹੇ ਹਨ। ਸਮਾਜਿਕ ਦੂਰੀ ਅਤੇ ਮਾਸਕ ਨੂੰ ਲੋਕਾਂ ਨੇ ਜਿਵੇਂ ਭੁਲਾ ਦਿੱਤਾ ਹੈ ਪਰ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੋਰੋਨਾ ਦਾ ਖਤਰਾ ਅਤੇ ਟਲਿਆ ਨਹੀਂ ਹੈ।
ਦਿੱਲੀ
ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ ਢਿੱਲ ਮਿਲਣ ਤੋਂ ਬਾਅਦ ਬਾਜ਼ਾਰਾਂ ’ਚ ਲੋਕ ਬਿਨਾਂ ਮਾਸਕ ਘੁੰਮਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਕੋਰੋਨਾ ਨਿਯਮ ਤੋੜਨ ਕਾਰਨ ਲਕਸ਼ਮੀ ਨਗਰ, ਲਾਜਪਤ ਨਗਰ ਅਤੇ ਨਾਂਗਲੋਈ ’ਚ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਸਨ ਪਰ ਫਿਰ ਵੀ ਲੋਕਾਂ ਨੇ ਸਬਕ ਨਹੀਂ ਲਿਆ ਅਤੇ ਰਾਜਧਾਨੀ ਦੀ ਸਬਜ਼ੀ ਮੰਡੀ ਅਤੇ ਫਲਾਂ ਵਾਲੇ ਬਾਜ਼ਾਰ ਆਦਿ ’ਚ ਲੋਕ ਬਿਨਾਂ ਮਾਸਕ ਦੇ ਘੁੰਮਦੇ ਅਤੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਹਨ। ਬਾਜ਼ਾਰਾਂ ’ਚ ਇੰਨੀ ਭੀੜ ਹੈ ਕਿ ਲੋਕ ਇਕ-ਦੂਜੇ ਨਾਲ ਜੁੜੇ ਨਜ਼ਰ ਆ ਰਹੇ ਹਨ। ਲੋਕ ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀ ਜ਼ਿੰਦਗੀ ਵੀ ਖਤਰੇ ’ਚ ਪਾ ਰਹੇ ਹਨ।
ਮੁੰਬਈ
ਮੁੰਬਈ ਹੌਲੀ-ਹੌਲੀ ਪਟਰੀ ’ਤੇ ਪਰਤ ਰਹੀ ਹੈ, ਹਾਲਾਂਕਿ, ਇਥੇ ਅਜੇ ਮਲਟੀਪਲੈਕਸ ਸਮੇਤ ਕਈ ਹੋਰ ਚੀਜ਼ਾਂ ’ਚ ਛੋਟ ਨਹੀਂ ਦਿੱਤੀ ਗਈ ਪਰ ਉਥੇ ਵੀ ਬਾਜ਼ਾਰਾਂ ’ਚ ਭਾਰੀ ਭੀੜ ਵੇਖੀ ਜਾ ਸਕਦੀ ਹੈ।
ਹੋਰ ਸੂਬਿਆਂ ਦਾ ਹਾਲ
- ਪੰਜਾਬ ’ਚ ਵੀ ਕੋਰੋਨਾ ਪਾਬੰਦੀਆਂ ’ਚ ਢਿੱਲ ਮਿਲਣ ਤੋਂ ਬਾਅਦ ਲੋਕ ਲਾਪਰਵਾਹ ਹੋ ਗਏ ਹਨ। ਜ਼ਿਆਦਾਤਰ ਲੋਕਾਂ ਨੂੰ ਬਾਜ਼ਾਰਾਂ ’ਚ ਬਿਨਾਂ ਮਾਸਕ ਦੇ ਘੁੰਮਦੇ ਵੇਖਿਆ ਜਾ ਸਕਦਾ ਹੈ।
- ਤਮਿਲਨਾਡੂ ’ਚ ਵੀ ਲੋਕ ਕੋਰੋਨਾ ਪ੍ਰੋਟੋਕੋਲ ਦੀਆਂ ਜੰਮ ਕੇ ਧੱਜੀਆਂ ਉਡਾ ਰਹੇ ਹਨ। ਤਾਲਾਬੰਦੀ ’ਚ ਢਿੱਲ ਮਿਲਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਕਈ ਥਾਵਾਂ ’ਤੇ ਲੋਕਾਂ ਨੂੰ ਬਿਨਾਂ ਮਾਸਕ ਘੁੰਮਦੇ ਵੇਖਿਆ ਗਿਆ।