ਦਿੱਲੀ 'ਚ ਕੋਰੋਨਾ ਨਾਲ ਹਰ ਰੋਜ਼ 8 ਤੋਂ 10 ਮਰੀਜ਼ ਤੋੜ ਰਹੇ ਦਮ, ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਵੀ ਵਧੀ ਗਿਣਤੀ

Tuesday, Aug 16, 2022 - 08:41 PM (IST)

ਦਿੱਲੀ 'ਚ ਕੋਰੋਨਾ ਨਾਲ ਹਰ ਰੋਜ਼ 8 ਤੋਂ 10 ਮਰੀਜ਼ ਤੋੜ ਰਹੇ ਦਮ, ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਵੀ ਵਧੀ ਗਿਣਤੀ

ਨਵੀਂ ਦਿੱਲੀ : ਦਿੱਲੀ 'ਚ ਇਕ ਵਾਰ ਕੋਵਿਡ-19 ਦੇ ਮਾਮਲਿਆਂ ਨੇ ਜ਼ੋਰ ਫੜ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ 2 ਹਜ਼ਾਰ ਜਾਂ ਇਸ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਚਿੰਤਾਜਨਕ ਹੈ। ਦਿੱਲੀ ਵਿੱਚ ਹਰ ਰੋਜ਼ 8 ਤੋਂ 10 ਮਰੀਜ਼ ਕੋਰੋਨਾ ਨਾਲ ਮਰ ਰਹੇ ਹਨ। ਇਸ ਦੇ ਨਾਲ ਹੀ ਹਸਪਤਾਲਾਂ 'ਚ ਸੰਕਰਮਿਤ ਮਰੀਜ਼ਾਂ ਦੇ ਦਾਖ਼ਲੇ ਵਿੱਚ ਵੀ ਵਾਧਾ ਹੋਇਆ ਹੈ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਟਵੀਟ ਕੀਤਾ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ, ਇਸ ਲਈ ਸਾਰਿਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਮਚਾਈ ਤਬਾਹੀ, ਅੱਜ 6 ਮਰੀਜ਼ਾਂ ਦੀ ਮੌਤ ਸਮੇਤ ਆਏ ਇੰਨੇ Positive

ਸਕਸੈਨਾ ਨੇ ਇਕ ਟਵੀਟ ਵਿੱਚ ਕਿਹਾ, "ਅਸੀਂ ਲਾਗ ਦੇ ਮਾਮਲਿਆਂ, ਸੰਕਰਮਣ ਦਰਾਂ ਅਤੇ ਮੁੜ ਸੰਕਰਮਣ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦੇਖ ਰਹੇ ਹਾਂ। ਇਹ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ। ਮੈਂ ਸਾਰਿਆਂ ਨੂੰ ਕੋਰੋਨਾ ਦੇ ਢੁੱਕਵੇਂ ਵਿਵਹਾਰ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਾ ਹਾਂ।" ਸਿਹਤ ਮਾਹਿਰ ਡਾ. ਸੁਨੀਲਾ ਗਰਗ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਠੀਕ ਹੋਣ ਦੀ ਦਰ ਚੰਗੀ ਹੈ ਪਰ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ 'ਚ ਇਸ ਸਮੇਂ 9,000 ਤੋਂ ਜ਼ਿਆਦਾ ਕੋਵਿਡ ਬੈੱਡ ਹਨ। 2,129 ਆਈ.ਸੀ.ਯੂ. ਬੈੱਡਾਂ 'ਚੋਂ 20 ਮਰੀਜ਼ ਦਾਖਲ ਹਨ, ਜਦਕਿ 65 ਮਰੀਜ਼ ਵੈਂਟੀਲੇਸ਼ਨ 'ਤੇ ਹਨ। ਸਿਹਤ ਮਾਹਿਰ ਗਰਗ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਪਰ ਸਾਵਧਾਨੀ ਵਰਤਣ ਦੀ ਲੋੜ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ 'ਚ ਸਭ ਤੋਂ ਜ਼ਿਆਦਾ

ਦਿੱਲੀ 'ਚ ਕੋਰੋਨਾ ਦੀ ਹਾਲਤ

ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੇ 1,227 ਨਵੇਂ ਮਾਮਲੇ 14.57 ਫ਼ੀਸਦੀ ਦੀ ਲਾਗ ਦਰ ਦੇ ਨਾਲ ਸਾਹਮਣੇ ਆਏ, ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ ਕੋਵਿਡ-19 ਲਈ 8,421 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 1,227 ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਦੇ ਨਾਲ ਦਿੱਲੀ ਵਿੱਚ ਸੰਕਰਮਣ ਦੇ 19,85,822 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇੱਥੇ ਮਹਾਮਾਰੀ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 8 ਮੌਤਾਂ ਦੇ ਨਾਲ 26,389 ਹੋ ਗਈ ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਇਸ ਸਮੇਂ ਦਿੱਲੀ ਵਿੱਚ ਕੁੱਲ 7,519 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ 5,760 ਮਰੀਜ਼ਾਂ ਦਾ ਹੋਮ ਆਈਸੋਲੇਸ਼ਨ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News