‘ਕਿਸਾਨ ਅੰਦੋਲਨ: ਕਿਸਾਨ ਬੋਲੇ, ਦੇਸ਼ ’ਚ ਖੁੱਲ੍ਹੇ ਬਾਜ਼ਾਰ ਦੀ ਨੀਤੀ ਖ਼ਤਮ ਕਰ ਕੇ ਸਹਿਕਾਰੀ ਮਾਡਲ ਹੋਵੇ ਸ਼ੁਰੂ’

Wednesday, Mar 03, 2021 - 12:17 AM (IST)

‘ਕਿਸਾਨ ਅੰਦੋਲਨ: ਕਿਸਾਨ ਬੋਲੇ, ਦੇਸ਼ ’ਚ ਖੁੱਲ੍ਹੇ ਬਾਜ਼ਾਰ ਦੀ ਨੀਤੀ ਖ਼ਤਮ ਕਰ ਕੇ ਸਹਿਕਾਰੀ ਮਾਡਲ ਹੋਵੇ ਸ਼ੁਰੂ’

ਸੋਨੀਪਤ : ਸਿੰਘੂ ਬਾਰਡਰ ’ਤੇ ਕਿਸਾਨ ਇਕੱਠ ਦੇ 94ਵੇਂ ਦਿਨ ਕਿਸਾਨਾਂ ਨੇ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਗਟ ਕੀਤਾ। ਨਾਲ ਹੀ ਉਨ੍ਹਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਦੇਸ਼ ਵਿਚ ਖੁੱਲ੍ਹੇ ਬਾਜ਼ਾਰ ਦੀ ਨੀਤੀ ਖਤਮ ਕਰ ਕੇ ਸਹਿਕਾਰੀ ਮਾਡਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਸਿੰਘੂ ਬਾਰਡਰ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ। ਕਮੇਟੀ ਦੇ ਪੰਜਾਬ ਪ੍ਰਧਾਨ ਸਤਨਾਮ ਪੰਨੂ, ਸਕੱਤਰ ਸਰਵਣ ਸਿੰਘ ਪੰਧੇਰ ਤੇ ਸੀਨੀਅਰ ਉਪ-ਪ੍ਰਧਾਨ ਸਵਿੰਦਰ ਸਿੰਘ ਨੇ ਦੱਸਿਆ ਕਿ ਕਾਰਪੋਰੇਟ ਖੇਤੀ ਮਾਡਲ ਦੇਸ਼ ਦੇ ਖੇਤੀਬਾੜੀ ਖੇਤਰ ਲਈ ਘਾਤਕ ਹੈ। ਕਿਸਾਨਾਂ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਨੇ ਪੁਤਲਾ ਸਾੜ ਕੇ ਸਰਕਾਰ ਪ੍ਰਤੀ ਰੋਸ ਜ਼ਾਹਿਰ ਕੀਤਾ ਅਤੇ ਮੰਗ ਕੀਤੀ ਕਿ ਹਰ ਹਾਲਤ ਵਿਚ 3 ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ। ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ ਕੌਮਾਂਤਰੀ ਮਹਿਲਾ ਦਿਵਸ ਨੰ ਸਮਰਪਿਤ ਇਕ ਪ੍ਰੋਗਰਾਮ ਸਿੰਘੂ ਤੇ ਕੁੰਡਲੀ ਬਾਰਡਰ ’ਤੇ 8 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ। ਇਸੇ ਦਿਨ ਸ਼ਾਮ ਨੂੰ ਕੈਂਡਲ ਮਾਰਚ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ- ਚੋਣਾਂ 'ਚ ਕਿਸੇ ਵੀ ਦਲ ਦਾ ਸਮਰਥਨ ਨਹੀਂ ਕਰਾਂਗੇ: ਸੰਯੁਕਤ ਕਿਸਾਨ ਮੋਰਚਾ

ਕਿਸਾਨ ਨੇਤਾਵਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਖਿਲਾਫ ਲੜਾਈ ਲੜਨੀ ਪਵੇਗੀ। ਸਰਕਾਰ ਨੂੰ ਇਨ੍ਹਾਂ ਘਰਾਣਿਆਂ ਦੀ ਜਾਇਦਾਦ ਜ਼ਬਤ ਕਰ ਲੈਣੀ ਚਾਹੀਦੀ ਹੈ ਅਤੇ ਇਹ ਪੂੰਜੀ ਦੇਸ਼ ਦੇ ਵਿਕਾਸ ’ਤੇ ਖਰਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਸਰਕਾਰ ਦੇ ਕੰਟਰੋਲ ਵਿਚ ਹੋਣਾ ਚਾਹੀਦਾ ਹੈ। ਖੁੱਲ੍ਹੇ ਬਾਜ਼ਾਰ ਦੀ ਨੀਤੀ ਖਤਮ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਤੀਬਾੜੀ ਦੇ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ 23 ਫਸਲਾਂ ਦੀ ਖਰੀਦ ਦੀ ਗਾਰੰਟੀ ਲਈ ਐੱਮ. ਐੱਸ. ਪੀ. ਕਾਨੂੰਨ ਲਾਗੂ ਕਰਨਾ ਪਵੇਗਾ। ਕਿਸਾਨਾਂ ਨੇ ਇਹ ਮੰਗ ਵੀ ਕੀਤੀ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।

ਇਹ ਵੀ ਪੜ੍ਹੋ- ਬੰਗਾਲ 'ਚ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੀ 12 ਮਾਰਚ ਨੂੰ ਰੈਲੀ

ਆਂਤਿਲ ਖਾਪ ਨੇ ਹਵਨ ਕਰ ਕੇ ਸਰਕਾਰ ਲਈ ਮੰਗੀ ਸੁਮੱਤ:
ਕੁੰਡਲੀ ਧਰਨੇ ’ਤੇ ਹਰਿਆਣਾ ਦੇ ਕਿਸਾਨਾਂ ਨੇ ਮੰਗਵਾਰ ਨੂੰ ਹਵਨ ਕੀਤਾ, ਜਿਸ ਵਿਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ। ਖਾਪ ਦੇ ਪ੍ਰਧਾਨ ਹਵਾ ਸਿੰਘ ਆਂਤਿਲ ਤੋਂ ਇਲਾਵਾ ਜੈਭਗਵਾਨ ਆਂਤਿਲ, ਸੂਬੇ ਸਿੰਘ ਆਂਤਿਲ, ਮਾਸਟਰ ਬਿਜੇਂਦਰ ਬੜੌਲੀ, ਵੇਦ ਸਿੰਘ, ਰਣ ਸਿੰਘ, ਜਸਪਾਲ, ਸੰਤਰਾਮ, ਪ੍ਰਦੀਪ ਸਰਪੰਚ ਆਦਿ ਨੇ ਦੱਸਿਆ ਕਿ ਸਰਕਾਰ ਦੀ ਸੁਮੱਤ ਲਈ ਇਹ ਹਵਨ ਕੀਤਾ ਗਿਆ ਹੈ। ਕਿਸਾਨ ਇੱਥੇ 3 ਮਹੀਨਿਆਂ ਤੋਂ ਬੈਠੇ ਹੋਏ ਹਨ ਪਰ ਸਰਕਾਰ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੋ ਚੁੱਕੀ ਹੈ। ਸਰਕਾਰ ਨੂੰ ਕਿਸਾਨਾਂ ਦੀ ਸੁਧ ਲੈਣੀ ਚਾਹੀਦੀ ਹੈ, ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਧਰਨੇ ’ਤੇ ਲਗਾਤਾਰ ਰਾਸ਼ਨ ਤੇ ਹੋਰ ਸਮੱਗਰੀ ਪਹੁੰਚਾ ਰਹੇ ਹਨ, ਨਾਲ ਹੀ ਗਰਮੀ ਦੇ ਮੌਸਮ ਨੂੰ ਦੇਖਦਿਆਂ ਇੰਤਜ਼ਾਮ ਕੀਤੇ ਜਾ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News