ਰਾਮਾ ਮੰਡੀ ਬਾਜ਼ਾਰ ''ਚ ਲੁਟੇਰਿਆਂ ਦਾ ਤਾਂਡਵ: ਸਿਰਫ਼ 5 ਮਿੰਟਾਂ ''ਚ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ

Saturday, May 30, 2026 - 03:32 AM (IST)

ਰਾਮਾ ਮੰਡੀ ਬਾਜ਼ਾਰ ''ਚ ਲੁਟੇਰਿਆਂ ਦਾ ਤਾਂਡਵ: ਸਿਰਫ਼ 5 ਮਿੰਟਾਂ ''ਚ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਦਿੱਤਾ ਅੰਜਾਮ

ਜਲੰਧਰ (ਮਹੇਸ਼) : ਰਾਮਾ ਮੰਡੀ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਰਾਤ 9.20 ਤੋਂ ਲੈ ਕੇ 9.25 ਵਿਚਕਾਰ ਸਿਰਫ 5 ਮਿੰਟਾਂ ਵਿੱਚ ਲੁੱਟ ਦੀਆਂ 2 ਵਾਰਦਾਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਾਮਾ ਮੰਡੀ ਪੁਲ ਨੇੜੇ ਐਕਟਿਵਾ ’ਤੇ ਆਪਣੀ ਬੇਟੀ ਨਾਲ ਘਰ ਜਾ ਰਹੀ ਔਰਤ ਅਨੁਰਾਧਾ ਧੀਰ ਪਤਨੀ ਰਾਜੇਸ਼ ਕੁਮਾਰ ਧੀਰ ਨਿਵਾਸੀ ਪੰਜਾਬ ਨੈਸ਼ਨਲ ਬੈਂਕ ਵਾਲੀ ਗਲੀ ਰਾਮਾ ਮੰਡੀ ਦੇ ਕੰਨਾਂ ਵਿਚੋਂ ਸੋਨੇ ਦੀ ਵਾਲੀ ਝਪਟ ਲਈ ਅਤੇ ਉਸ ਦੇ ਬਾਅਦ ਕੁਝ ਹੀ ਦੂਰੀ ’ਤੇ ਜਾ ਕੇ ਕਾਕੀ ਪਿੰਡ ਖਹਿਰਾ ਪੈਟਰੋਲ ਪੰਪ ਨੇੜੇ ਉਨ੍ਹਾਂ ਹੀ ਲੁਟੇਰਿਆਂ ਵੱਲੋਂ ਆਪਣੀ ਭੈਣ ਨਾਲ ਐਕਟਿਵਾ ’ਤੇ ਜਾ ਰਹੀ ਰੀਨਾ ਪੁੱਤਰੀ ਪਰਮਾਨੰਦ ਨਾਂ ਦੀ ਔਰਤ ਨਿਵਾਸੀ ਰਾਮਾ ਮੰਡੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਲਈ।

ਦੋਵਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਅਦ ਨਸ਼ੇੜੀ ਕਿਸਮ ਦੇ ਲੁਟੇਰੇ ਤੇਜ਼ ਰਫਤਾਰ ਮੋਟਰਸਾਈਕਲ ਲੈ ਕੇ ਹੁਸ਼ਿਆਰਪੁਰ ਰੋਡ ਵੱਲ ਫ਼ਰਾਰ ਹੋ ਗਏ। 5 ਮਿੰਟਾਂ ਵਿੱਚ ਹੋਈਆਂ ਲੁੱਟ ਦੀਆਂ 2 ਵਾਰਦਾਤਾਂ ਦੀ ਸੂਚਨਾ ਮਿਲਦੇ ਹੀ ਪਹਿਲਾਂ ਇਲਾਕੇ ਵਿਚ ਗਸ਼ਤ ਕਰਨ ਵਾਲੇ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਉਸ ਦੇ ਬਾਅਦ ਸਬੰਧਤ ਥਾਣੇ ਦੀ ਪੁਲਸ ਵੀ ਉਥੇ ਆ ਗਈ ਸੀ। ਪੁਲਸ ਕਾਫੀ ਦੇਰ ਤਕ ਰਾਮਾ ਮੰਡੀ ਬਾਜ਼ਾਰ ਵਿਚ ਜਾਂਚ ਕਰਦੀ ਰਹੀ ਪਰ ਖਬਰ ਲਿਖੇ ਜਾਣ ਤਕ ਲੁਟੇਰਿਆਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖੌਫ਼ਨਾਕ ਵਾਰਦਾਤ! ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਾਕੂ ਦੀ ਨੋਕ 'ਤੇ ਮੁਟਿਆਰ ਤੋਂ ਖੋਹਿਆ ਬੈਗ

ਲੁਟੇਰਿਆਂ ਦਾ ਸ਼ਿਕਾਰ ਹੋਈਆਂ ਔਰਤਾਂ ਅਨੁਰਾਧਾ ਧੀਰ ਅਤੇ ਰੀਨਾ ਵੱਲੋਂ ਆਪਣੇ ਬਿਆਨ ਪੁਲਸ ਨੂੰ ਦੇ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਵਾਰਦਾਤਾਂ ਨੂੰ ਲੈ ਕੇ ਥਾਣਾ ਰਾਮਾ ਮੰਡੀ ਦੀ ਪੁਲਸ ਐੱਫ. ਆਈ. ਆਰ. ਕਦੋਂ ਦਰਜ ਕਰੇਗੀ, ਇਹ ਤਾਂ ਬਾਅਦ ਵਿਚ ਪਤਾ ਲੱਗੇਗਾ। ਅਨੁਰਾਧਾ ਦੀ ਬੇਟੀ ਪ੍ਰਿਯੰਕਾ ਨੇ ਕਿਹਾ ਹੈ ਕਿ ਅੱਜ ਸ਼ਹਿਰ ਵਿਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਵਧ ਗਈਆਂ ਹਨ ਕਿ ਆਮ ਆਦਮੀ ਘਰ ਵਿਚੋਂ ਬਾਹਰ ਨਿਕਲ ਕੇ ਕੋਈ ਸਾਮਾਨ ਲੈਣ ਲਈ ਬਾਜ਼ਾਰ ਤਕ ਵੀ ਨਹੀਂ ਜਾ ਸਕਦਾ। ਪ੍ਰਿਯੰਕਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਾਂ ਨਾਲ ਐਕਟਿਵਾ ’ਤੇ ਜਾ ਰਹੀ ਸੀ ਤਾਂ ਉਨ੍ਹਾਂ ਦਾ ਛੋਟਾ ਬੱਚਾ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਜੇਕਰ ਉਹ ਲੁਟੇਰਿਆਂ ਦਾ ਸ਼ਿਕਾਰ ਹੋ ਕੇ ਐਕਟਿਵਾ ਤੋਂ ਹੇਠਾਂ ਡਿੱਗ ਜਾਂਦੇ ਤਾਂ ਉਨ੍ਹਾਂ ਦਾ ਕੋਈ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਪ੍ਰਿਯੰਕਾ ਨੇ ਕਿਹਾ ਕਿ ਲੁਟੇਰਿਆਂ ਦੇ ਖੌਫ ਕਾਰਨ ਲੋਕ ਸਹਿਮੇ ਪਏ ਹਨ ਅਤੇ ਪੁਲਸ ਖਾਮੋਸ਼ ਬੈਠੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News