ਆਨਲਾਈਨ ਦਵਾਈਆਂ ਦੀ ਵਿਕਰੀ ਵਿਰੁੱਧ ਫਗਵਾੜਾ ਦੇ ਕੈਮਿਸਟਾਂ ਦਾ ਹੱਲਾ-ਬੋਲ, ਬਾਜ਼ਾਰ ਰਹੇ ਮੁਕੰਮਲ ਬੰਦ
Thursday, May 21, 2026 - 04:04 AM (IST)
ਫਗਵਾੜਾ (ਜਲੋਟਾ) : ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟਸ ਐਂਡ ਡ੍ਰਗਗਿਸਟਸ (ਏ.ਆਈ.ਓ.ਸੀ.ਡੀ.) ਦੇ ਸੱਦੇ ‘ਤੇ ਅੱਜ ਦੇਸ਼ ਪੱਧਰੀ ਹੜਤਾਲ ਨੂੰ ਫਗਵਾੜਾ ਦੇ ਸਮੂਹ ਕੈਮਿਸਟਾਂ ਨੇ ਕਾਰੋਬਾਰ ਬੰਦ ਰੱਖ ਕੇ ਪੁਰਜੋਰ ਸਮਰਥਨ ਦਿੱਤਾ। ਇਸ ਦੌਰਾਨ ਜਿਲ੍ਹਾ ਕਪੂਰਥਲਾ ਅਤੇ ਫਗਵਾੜਾ ਕੈਮਿਸਟ ਐਸੋਸੀਏਸ਼ਨ ਵਲੋਂ ਜਿਲ੍ਹਾ ਪ੍ਰਧਾਨ ਰਾਕੇਸ਼ ਅੱਗਰਵਾਲ, ਚੇਅਰਮੈਨ ਵੀ.ਪੀ. ਸਿੰਘ ਅਰੋੜਾ ਅਤੇ ਫਗਵਾੜਾ ਪ੍ਰਧਾਨ ਸੋਮ ਪ੍ਰਕਾਸ਼ ਦੀ ਸਾਂਝੀ ਅਗਵਾਈ ਹੇਠ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੂੰ ਇੱਕ ਮੰਗ ਪੱਤਰ ਸਥਾਨਕ ਰੈਸਟ ਹਾਉਸ ਵਿਖੇ ਦਿੱਤਾ ਗਿਆ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਡਾ. ਚੱਬੇਵਾਲ ਨੂੰ ਦੱਸਿਆ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਵੱਡੇ ਬ੍ਰਾਂਡਾਂ ਦੇ ਰਿਟੇਲ ਸਟੋਰਾਂ ‘ਤੇ ਦਿੱਤੀਆਂ ਜਾਣ ਵਾਲੀਆਂ ਭਾਰੀ ਛੋਟਾਂ ਨਾਲ ਕੈਮਿਸਟਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਆਨਲਾਈਨ ਨਸ਼ੇ ਅਤੇ ਨਕਲੀ ਦਵਾਈਆਂ ਦੀ ਵਿਕਰੀ ਦਾ ਮੁੱਦਾ ਵੀ ਡਾ. ਚੱਬੇਵਾਲ ਦੇ ਸਾਹਮਣੇ ਰੱਖਿਆ ਅਤੇ ਦੱਸਿਆ ਕਿ ਕੇਂਦਰੀ ਅਤੇ ਰਾਜ ਪੱਧਰ ’ਤੇ ਸਰਕਾਰਾਂ ਵਲੋਂ ਲਏ ਜਾ ਰਹੇ ਕੁਝ ਫੈਸਲਿਆਂ ਕਾਰਨ ਦਵਾਈ ਡੀਲਰਾਂ ਵਿੱਚ ਭਾਰੀ ਰੋਸ ਹੈ। ਕੈਮਿਸਟਾਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਅਗਰਵਾਲ ਅਤੇ ਚੇਅਰਮੈਨ ਵੀ.ਪੀ. ਸਿੰਘ ਅਰੋੜਾ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਵਿਨੀਤ ਗਾਬਾ ਨੇ ਕਿਹਾ ਕਿ ਆਨਲਾਈਨ ਕੰਪਨੀਆਂ ਸਹੀ ਜਾਂਚ ਤੋਂ ਬਿਨਾਂ ਦਵਾਈਆਂ ਦੀ ਡਿਲੀਵਰੀ ਕਰ ਰਹੀਆਂ ਹਨ। ਬਹੁਤ ਸਾਰੇ ਪਲੇਟਫਾਰਮ ਬਿਨਾਂ ਡਾਕਟਰੀ ਪਰਚੀ ਦੇ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਆਫਰ ਕਰ ਰਹੇ ਹਨ ਜਿਸ ਨਾਲ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਫਗਵਾੜਾ ਪ੍ਰਧਾਨ ਸੋਮ ਪ੍ਰਕਾਸ਼ ਨੇ ਵੀ ਸਰਕਾਰ ਤੋਂ ਆਨਲਾਈਨ ਦਵਾਈਆਂ ਦੀ ਵਿਕਰੀ ’ਤੇ ਸਖਤ ਪਾਬੰਦੀ ਲਗਾਉਣ ਦੀ ਮੰਗ ਕੀਤੀ। ਨਾਲ ਹੀ ਜਨ ਓਸ਼ਧੀ ਕੇਂਦਰਾਂ ਦੀ ਜਾਂਚ ਦੀ ਮੰਗ ਵੀ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਮਨਪ੍ਰੀਤ ਇਆਲੀ ਨੇ ਅਕਾਲੀ ਦਲ ਪੁਨਰ ਸੁਰਜੀਤ 'ਚੋਂ ਦਿੱਤਾ ਅਸਤੀਫ਼ਾ
ਸਮੂਹ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਡਾ. ਰਾਜਕੁਮਾਰ ਚੱਬੇਵਾਲ ਨੇ ਭਰੋਸਾ ਦਿੱਤਾ ਕਿ ਕੈਮਿਸਟਾਂ ਦੀਆਂ ਜਾਇਜ ਮੰਗਾਂ ਨੂੰ ਸੰਸਦ ਵਿੱਚ ਵੀ ਪੁਰਜੋਰ ਤਰੀਕੇ ਨਾਲ ਉਠਾਉਣਗੇ ਅਤੇ ਇਸ ਮੰਗ ਪੱਤਰ ਰਾਹੀਂ ਸਾਰੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਹੜਤਾਲ ਦੌਰਾਨ ਚੰਗੀ ਗੱਲ ਇਹ ਰਹੀ ਕਿ ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ ਅਤੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਗਿਆ। ਇਸ ਮੌਕੇ ਪੰਕਜ ਲਾਂਬਾ, ਰਸ਼ਪਾਲ ਰਾਏ ਬਾਵਾ, ਸੰਤੋਸ਼ ਗੋਗੀ, ਮਨੀਸ਼ ਸਿੰਗਲਾ ਰੋਕੀ, ਤਰੁਣ ਅੱਗਰਵਾਲ, ਮੁਕੇਸ਼ ਬਾਂਸਲ, ਇਸ਼ਾਨ ਪਸਰੀਚਾ, ਪੁਨੀਤ ਹਾਂਡਾ, ਰਿੰਕੂ ਬਾਂਸਲ, ਜਸਪਾਲ ਸਿੰਘ, ਨੀਰਜ ਗੁਪਤਾ, ਅਜੇ ਛਾਬੜਾ, ਰਵੀ ਗਰਗ ਸਮੇਤ ਵੱਡੀ ਗਿਣਤੀ ‘ਚ ਕੈਮਿਸਟ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
