ਧਰਮ ਤਬਦੀਲੀ @ਸੰਜੇਨਗਰ! ਫਿਰ ਸਾਹਮਣੇ ਆਇਆ ਮਹਾਰਾਸ਼ਟਰ ਕੁਨੈਕਸ਼ਨ

06/11/2023 12:13:50 PM

ਗਾਜ਼ੀਆਬਾਦ, (ਸੰਜੀਵ ਸ਼ਰਮਾ)- ਧਰਮ ਤਬਦੀਲੀ ਦਾ ਮੁੱਦਾ ਇਕ ਵਾਰ ਫਿਰ ਦੇਸ਼ ਦੇ ਕਈ ਸੂਬਿਆਂ ’ਚ ਸੁਰਖੀਆਂ ’ਚ ਹੈ। ਯੂ. ਪੀ. ਅਤੇ ਮਹਾਰਾਸ਼ਟਰ ਦੀਆਂ ਪੁਲਸ ਟੀਮਾਂ ਇਸ ਮੁੱਦੇ ਦੀ ਤਹਿ ਤੱਕ ਜਾਣ ਅਤੇ ਧਰਮ ਤਬਦੀਲ ਕਰਾਉਣ ਵਾਲੇ ਗੈਂਗ ਦੇ ਸਰਗਨਾ ਬੱਦੋ ਉਰਫ ਸ਼ਾਹਨਵਾਜ਼ ਮਕਸੂਦ ਦੀ ਭਾਲ ’ਚ ਲੱਗੀਆਂ ਹਨ। ਇਹ ਗੱਲ ਵੱਖਰੀ ਹੈ ਕਿ ਗੈਂਗ ਸਰਗਨਾ ਅਜੇ ਤੱਕ ਦੋਵਾਂ ਸੂਬਿਆਂ ਦੀ ਪੁਲਸ ਦੀ ਗ੍ਰਿਫਤ ’ਚ ਨਹੀਂ ਆ ਸਕਿਆ ਹੈ ਪਰ ਧਰਮ ਤਬਦੀਲੀ ਦੇ ਇਸ ਚਰਚਿਤ ਮਾਮਲੇ ਨੇ ਸਾਲ 2021 ਵਾਂਗ ਇਕ ਵਾਰ ਫਿਰ ਮਹਾਰਾਸ਼ਟਰ ਅਤੇ ਯੂ. ਪੀ. ਦਾ ਕੁਨੈਕਸ਼ਨ ਉਜਾਗਰ ਕੀਤਾ ਹੈ। ਧਰਮ ਤਬਦੀਲੀ ਦੇ ਦੋਵਾਂ ਮਾਮਲਿਆਂ ’ਚ ਮਹਾਰਾਸ਼ਟਰ ਅਤੇ ਸੰਜੇਨਗਰ ਦਾ ਕੁਨੈਕਸ਼ਨ ਇਕ ਇੱਤੇਫਾਕ ਹੈ ਜਾਂ ਫਿਰ ਕੋਈ ਸਾਜ਼ਿਸ਼, ਇਹ ਜਾਂਚ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ 2 ਜੂਨ 2021 ਦੀ ਰਾਤ 9 ਵਜੇ 2 ਨੌਜਵਾਨ ਡਾਸਨਾ ਸਥਿਤ ਦੇਵੀ ਮੰਦਰ ਕੰਪਲੈਕਸ ’ਚ ਵੜ ਗਏ ਸਨ। ਇਕ ਵਿਅਕਤੀ ਨੇ ਬਾਹਰ ਪੁਲਸ ਮੁਲਾਜ਼ਮਾਂ ਕੋਲ ਰਜਿਸਟਰ ’ਚ ਆਪਣੀ ਐਂਟਰੀ ਵਿਪੁਲ ਵਿਜੇਵਰਗੀਯ ਨਿਵਾਸੀ ਨਾਗਪੁਰ ਤੇ ਦੂਜੇ ਨੇ ਕਾਸ਼ੀ ਗੁਪਤਾ ਨਿਵਾਸੀ ਸੈਕਟਰ-23 ਸੰਜੇਨਗਰ ਦੇ ਨਾਂ ਨਾਲ ਕਰਾਈ ਸੀ। ਅੰਦਰ ਜਾਣ ’ਤੇ ਸੇਵਾਦਾਰਾਂ ਨੂੰ ਦੋਵਾਂ ’ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਦੋਵਾਂ ਦੇ ਬੈਗ ਦੀ ਤਲਾਸ਼ੀ ਲਈ। ਬੈਗ ’ਚ 3 ਸਰਜੀਕਲ ਬਲੇਡ, ਦਵਾਈਆਂ, ਧਾਰਮਿਕ ਕਿਤਾਬਾਂ, ਲੋਹੇ ਦੇ 2 ਸਕੇਲ ਬਰਾਮਦ ਹੋਏ ਸਨ। ਇਸ ਮਾਮਲੇ ’ਚ ਮੰਦਰ ਦੇ ਮਹੰਤ ਸੰਨਿਆਸੀ ਨਰਸਿੰਘਾਨੰਦ ਦੇ ਕਰੀਬੀ ਅਨਿਲ ਯਾਦਵ ਨੇ ਰਿਪੋਰਟ ਦਰਜ ਕਰਵਾਉਂਦੇ ਹੋਏ ਮਹੰਤ ਦੀ ਹੱਤਿਆ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਮਸੂਰੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਖੁਫੀਆ ਏਜੰਸੀਆਂ ਦੀ ਪੁੱਛਗਿੱਛ ’ਚ ਵਿਜੇਨਗਰ ਨਿਵਾਸੀ ਸਲੀਮੁੱਦੀਨ ਦੀ ਭੂਮਿਕਾ ਸ਼ੱਕੀ ਪਾਏ ਜਾਣ ਤੋਂ ਬਾਅਦ ਪੁਲਸ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।

ਜਾਂਚ ’ਚ ਸਾਹਮਣੇ ਆਇਆ ਸੀ ਕਿ ਮਹਾਰਾਸ਼ਟਰ ਦੇ ਨਾਗਪੁਰ ਦਾ ਰਹਿਣ ਵਾਲਾ ਵਿਪੁਲ ਵਿਜੇਵਰਗੀਯ ਵਿਜੇਨਗਰ ’ਚ ਪੈਰਾ-ਮੈਡੀਕਲ ਇੰਸਟੀਚਿਊਟ ਚਲਾਉਣ ਵਾਲੇ ਸਲੀਮੁੱਦੀਨ ਦੇ ਸੰਪਰਕ ’ਚ ਆਇਆ ਸੀ। ਸਲੀਮੁੱਦੀਨ ਨੇ ਉਸ ਨੂੰ ਆਪਣੇ ਇੰਸਟੀਚਿਊਟ ’ਚ ਪੈਰਾ-ਮੈਡੀਕਲ ਕੋਰਸ ਕਰਾਉਣ ਦੇ ਨਾਲ-ਨਾਲ ਉਰਦੂ ਦੀ ਤਾਲੀਮ ਦਿੱਤੀ ਸੀ। ਇੰਨਾ ਹੀ ਨਹੀਂ, ਸਲੀਮੁੱਦੀਨ ਨੇ ਉਸ ਦਾ ਧਰਮ ਤਬਦੀਲ ਕਰਾਉਣ ਤੋਂ ਬਾਅਦ ਸੰਜੇਨਗਰ ਨਿਵਾਸੀ ਕਾਸਿਫ ਦੀ ਭੈਣ ਆਇਸ਼ਾ ਨਾਲ ਨਿਕਾਹ ਕਰਵਾਇਆ ਸੀ, ਜਿਸ ਤੋਂ ਬਾਅਦ ਜੀਜਾ-ਸਾਲਾ ਵਿਪੁਲ ਵਿਜੇਵਰਗੀਯ ਉਰਫ ਰਮਜਾਨ ਅਤੇ ਕਾਸਿਫ ਸਲੀਮੁੱਦੀਨ ਦੇ ਕਹਿਣ ’ਤੇ ਹੀ ਡਾਸਨਾ ਦੇਵੀ ਮੰਦਰ ਪੁੱਜੇ ਸਨ। ਉੱਥੇ ਪੁੱਜਣ ਪਿੱਛੇ ਉਨ੍ਹਾਂ ਦਾ ਇਰਾਦਾ ਠੀਕ ਨਹੀਂ ਪਾਇਆ ਗਿਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੀਆਂ ਜਾਂਚ ਏਜੰਸੀਆਂ ਨੇ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਸੀ ਅਤੇ ਸਮੁੱਚੇ ਦੇਸ਼ ’ਚ ਕਈ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਧਰਮ ਤਬਦੀਲ ਕਰਵਾਉਣ ਵਾਲੇ ਗੈਂਗ ਨਾਲ ਜੁਡ਼ੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।


Rakesh

Content Editor

Related News