ਕੇਂਦਰੀ ਤਿੱਬਤੀ ਪ੍ਰਸ਼ਾਸਨ ਨੇ ਚੀਨ ’ਤੇ ਲਗਾਏ ਦਲਾਈ ਲਾਮਾ ਦਾ ਅਕਸ ਖਰਾਬ ਕਰਨ ਦੇ ਦੋਸ਼
Saturday, Apr 15, 2023 - 11:24 AM (IST)
ਨੈਸ਼ਨਲ ਡੈਸਕ- ਤਿੱਬਤੀਆਂ ਦੇ ਧਰਮਗੁਰੂ ਦਲਾਈ ਲਾਮਾ ਦੀ ਇਕ ਬੱਚੇ ਨਾਲ ਮੁਲਾਕਾਤ ਦਾ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ। ਇਸ ਵੀਡੀਓ ਵਿਚ ਲਾਮਾ ਨੂੰ ਉਸ ਬੱਚੇ ਦੇ ਬੁੱਲਾਂ ’ਤੇ ਕਿੱਸ ਕਰਦੇ ਦੇਖਿਆ ਜਾ ਸਕਦਾ ਹੈ।
ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀ. ਟੀ. ਏ.) ਦੇ ਚੋਟੀ ਦੇ ਨੇਤਾ ਪੇਨਪਾ ਸੇਰਿੰਗ ਸਿਕਯੋਂਗ ਨੇ ਫਾਰੇਨ ਕਾਰਸੇਪਾਂਡੇਂਟਸ ਕਲੱਬ ਆਫ ਸਾਉਥ ਏਸ਼ੀਆ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵੀਡੀਓ ਕਾਰਨ ਦਲਾਈ ਲਾਮਾ ’ਤੇ ਲਗਾਏ ਜਾ ਰਹੇ ਦੋਸ਼ਾਂ ਤੋਂ ਤਿੱਬਤ ਦੇ ਲੋਕ ਪ੍ਰੇਸ਼ਾਨ ਹਨ। ਇਸ ਵੀਡੀਓ ਨਾਲ ਛੇੜਖਾਨੀ ਦਲਾਈ ਲਾਮਾ ਦਾ ਅਕਸ ਖਰਾਬ ਕਰਨ ਦੀ ਇੱਛਾ ਨਾਲ ਕੀਤੀ ਗਈ ਹੈ ਅਤੇ ਇਸ ਵਿਚ ਸਮਰਥਿਤ ਲੋਕਾਂ ਦਾ ਹੱਥ ਹੈ।
ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਨਹੀਂ ਕੀਤੀ ਸ਼ਿਕਾਇਤ
ਉਨ੍ਹਾਂ ਨੇ ਕਿਹਾ ਕਿ ਚੀਨ ਜ਼ੋਰ ਜ਼ਬਰਦਸਤੀ ਨਾਲ ਤਿੱਬਤ ’ਤੇ ਰਾਜ ਕਰ ਰਿਹਾ ਹੈ ਅਤੇ ਉਹ ਇਸਦੇ ਲਈ ਕੌਮਾਂਤਰੀ ਭਾਈਚਾਰੇ ਨਾਲ ਵੈਧਤਾ ਹਾਸਲ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੈ। ਸਿਕਯੋਂਗ ਨੇ ਦਲਾਈ ਲਾਮਾ ਦੇ ਇਕ ਵਿਵਹਾਰ ਨੂੰ ਇਕ ਨਿਰਦੋਸ਼ ਦਾਦੇ ਦਾ ਪਿਆਰ ਭਰਿਆ ਵਿਵਹਾਰ ਦੱਸਿਆ, ਜੋ ਅਸਲ ਵਿਚ ਇਕ ਤਰ੍ਹਾਂ ਦਾ ਮਜ਼ਾਕ ਸੀ। ਪਰ ਇਸ ਪੂਰੇ ਕਾਂਡ ਵਿਚ ਵਿਕਟਿਮ ਕੌਣ ਹੈ? ਉਸ ਬੱਚੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ, ਉਸਦੀ ਮਾਂ ਵੀ ਸ਼ਿਕਾਇਤ ਨਹੀਂ ਕਰ ਰਹੀ, ਪਰ ਵਿਕਟਿਮ ਬਣ ਗਏ ਸਾਡੇ ਦਲਾਈ ਲਾਮਾ।
ਵੀਡੀਓ ਕਲਿੱਪ ਨਾਲ ਕੀਤੀ ਗਈ ਹੈ ਛੇੜਖਾਨੀ
ਸੇਰਿੰਗ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਜੋ ਕਲਿੱਪ ਸਰਕੂਲੇਟ ਕੀਤਾ ਜਾ ਰਿਹਾ ਹੈ, ਉਸ ਨਾਲ ਛੇੜਖਾਨੀ ਕੀਤੀ ਗਈ ਹੈ। ਇਸ ਪੂਰੇ ਕਾਂਡ ਨੂੰ ਸਮਝਣ ਲਈ ਇਸ ਪੂਰੇ ਵੀਡੀਓ ਨੂੰ ਦੇਖਿਆ ਜਾਣਾ ਚਾਹੀਦਾ ਹੈ। ਇਹ ਘਟਨਾ 28 ਫਰਵਰੀ ਨੂੰ ਸੁਗਲਾਗਖਾਂਗ ਵਿਚ ਹੋਈ ਸੀ, ਜੋ ਮੈਕਲਾਡਗੰਜ ਵਿਚ ਤਿੱਬਤ ਦਾ ਮੁੱਖ ਮੰਦਰ ਹੈ, ਪਰ ਵੀਡੀਓ ਨੂੰ ਬਾਅਦ ਵਿਚ ਵਾਇਰਲ ਕੀਤਾ ਗਿਆ। ਸਾਡੀ ਜਾਂਚ ਵਿਚ ਸਾਨੂੰ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਵੱਖਰਾ ਰੰਗ ਦੇਣ ਵਾਲੇ ਚੀਨ ਸਮਰਥਿਤ ਲੋਕ ਹਨ। ਇਸ ਨਾਲ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਦੀ ਸੋਚ ਦਾ ਪਤਾ ਲੱਗਦਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਕ ਬੱਚੇ ਦੀ ਦਲਾਈ ਲਾਮਾ ਨਾਲ ਮੁਲਾਕਾਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਲਾਮਾ ਨੂੰ ਉਸ ਬੱਚੇ ਦੇ ਬੁੱਲਾਂ ’ਤੇ ਕਿੱਸ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦਲਾਈ ਲਾਮਾ ਉਸ ਬੱਚੇ ਨੂੰ ਆਪਣੀ ‘ਜੀਭ ਚੂਸਣ’ ਨੂੰ ਕਹਿੰਦੇ ਹਨ।