ਕਾਂਗਰਸ ਨੂੰ 21 ਸਾਲ ਬਾਅਦ ਮਿਲ ਸਕਦੈ ''ਗੈਰ-ਗਾਂਧੀ ਪ੍ਰਧਾਨ''
Thursday, Jul 04, 2019 - 11:27 AM (IST)
ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵਲੋਂ ਅਸਤੀਫਾ ਦੇਣ ਪਿੱਛੋਂ ਪਾਰਟੀ ਨੂੰ 21 ਸਾਲ ਬਾਅਦ ਹੁਣ ਕੋਈ ਗੈਰ-ਗਾਂਧੀ ਪ੍ਰਧਾਨ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ 1996 ਤੋਂ 1998 ਤੱਕ ਕਾਂਗਰਸ ਦੇ ਪ੍ਰਧਾਨ ਰਹੇ ਸਨ, ਜੋ ਗਾਂਧੀ ਪਰਿਵਾਰ ਵਿਚੋਂ ਨਹੀਂ ਸਨ। ਕਾਂਗਰਸ ਵਰਕਿੰਗ ਕਮੇਟੀ ਨੂੰ ਹੁਣ ਨਵਾਂ ਪ੍ਰਧਾਨ ਚੁਣਨਾ ਪਵੇਗਾ। ਲੋਕ ਸਭਾ ਚੋਣਾਂ 2019 ਵਿਚ ਮਿਲੀ ਹਾਰ ਦੇ ਮਗਰੋਂ ਕਾਂਗਰਸ ਨੂੰ ਜਾਰੀ ਲੀਡਰਸ਼ਿਪ ਸੰਕਟ ਦਰਮਿਆਨ ਇਹ ਸਮਝਣਾ ਮਹੱਤਵਪੂਰਨ ਹੈ ਕਿ ਆਜ਼ਾਦੀ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਸਬੰਧ ਨਾ ਰੱਖਣ ਵਾਲੇ ਕਿਹੜਾ ਆਗੂ ਪਾਰਟੀ ਪ੍ਰਧਾਨ ਬਣੇ।
ਆਜ਼ਾਦੀ ਮਗਰੋਂ ਹੁਣ ਤੱਕ 13 ਵਾਰ ਹੋਇਆ ਅਜਿਹਾ—
ਇਸ ਸੂਚੀ ਵਿਚ ਸਭ ਤੋਂ ਪਹਿਲਾ ਨਾਂ ਜੇ. ਬੀ. ਕ੍ਰਿਪਲਾਨੀ ਦਾ ਆਉਂਦਾ ਹੈ, ਜੋ 1947 ਵਿਚ ਸੱਤਾ ਤਬਦੀਲੀ ਦੇ ਸਮੇਂ ਕਾਂਗਰਸ ਦੇ ਪ੍ਰਧਾਨ ਸਨ। ਇਸ ਦੇ ਬਾਅਦ ਅਗਲੇ ਦੋ ਸਾਲਾਂ ਤੱਕ ਆਂਧਰਾ ਪ੍ਰਦੇਸ਼ ਨਾਲ ਸਬੰਧ ਰੱਖਣ ਵਾਲੇ ਨੇਤਾ ਪਟਾਬੀ ਸੀਤਾਰਮਈਆ ਨੇ ਇਹ ਜ਼ਿੰਮੇਵਾਰੀ ਸੰਭਾਲੀ। ਭਾਰਤ ਰਤਨ ਨਾਲ ਸਨਮਾਨਤ ਪੁਰਸ਼ੋਤਮ ਦਾਸ ਟੰਡਨ 1950 ਵਿਚ ਕਾਂਗਰਸ ਦੇ ਪ੍ਰਧਾਨ ਬਣੇ। ਇਸ ਤੋਂ ਬਾਅਦ 1955 ਤੋਂ 1959 ਤੱਕ ਯੂ. ਐੱਨ. ਢੇਬਰ ਇਸ ਅਹੁਦੇ 'ਤੇ ਰਹੇ। ਢੇਬਰ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਅਤੇ ਬਾਅਦ ਵਿਚ ਇੰਦਰਾ ਗਾਂਧੀ ਨੂੰ 1959 ਵਿਚ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਰੈੱਡੀ, ਕੇ. ਕਾਮਰਾਜ, ਨਿਜਾਲਿੰਗਪਾ ਦੇ ਮਗਰੋਂ ਬਾਬੂਜੀ ਗੈਰ-ਗਾਂਧੀ ਕਾਂਗਰਸ ਪ੍ਰਧਾਨਾਂ ਵਿਚ ਸਨ। ਨੀਲਮ ਸੰਜੀਵਾ ਰੈੱਡੀ, ਕੇ. ਕਾਮਰਾਜ (1964 ਤੋਂ 67), ਐੱਸ. ਨਿਜਾਲਿੰਗਪਾ (1968 ਤੋਂ 69) ਤਕ ਗੈਰ-ਗਾਂਧੀ ਕਾਂਗਰਸ ਪ੍ਰਧਾਨ ਰਹੇ। ਇਸ ਦੇ ਬਾਅਦ ਕਾਂਗਰਸ ਦੀ ਲੀਡਰਸ਼ਿਪ ਬਾਬੂਜੀ ਦੇ ਨਾਂ ਨਾਲ ਮਸ਼ਹੂਰ ਬਿਹਾਰ ਨਾਲ ਸਬੰਧ ਰੱਖਣ ਵਾਲੇ ਘਾਗ ਆਗੂ ਜਗਜੀਵਨ ਰਾਮ ਦੇ ਮੋਢਿਆਂ 'ਤੇ ਆਈ। ਉਹ 1970-71 ਤੱਕ ਕਾਂਗਰਸ ਦੇ ਪ੍ਰਧਾਨ ਰਹੇ।
ਸ਼ਰਮਾ ਅਤੇ ਬਰੂਆ ਨੂੰ ਵੀ ਮਿਲੀ ਕਮਾਨ—
ਜਗਜੀਵਨ ਰਾਮ ਮਗਰੋਂ ਸ਼ੰਕਰ ਦਿਆਲ ਸ਼ਰਮਾ (1972-74) ਕਾਂਗਰਸ ਪ੍ਰਧਾਨ ਚੁਣੇ ਗਏ, ਜੋ ਅੱਗੇ ਚੱਲ ਕੇ ਦੇਸ਼ ਦੇ ਰਾਸ਼ਟਰਪਤੀ ਵੀ ਬਣੇ। ਇਸ ਸੂਚੀ ਵਿਚ ਅਗਲਾ ਨਾਂ ਆਸਾਮ ਤੋਂ ਆਉਣ ਵਾਲੇ ਦੇਵਕਾਂਤ ਬਰੂਆ ਦਾ ਹੈ, ਜੋ ਐਮਰਜੈਂਸੀ ਦੇ ਵੇਲੇ ਕਾਂਗਰਸ ਦੇ ਪ੍ਰਧਾਨ ਸਨ। ਸਾਲ 1977 ਤੋਂ 78 ਤੱਕ ਕੇ. ਬੀ. ਰੈੱਡੀ ਕਾਂਗਰਸ ਦੇ ਪ੍ਰਧਾਨ ਰਹੇ, ਜੋ ਗਾਂਧੀ ਪਰਿਵਾਰ ਵਿਚੋਂ ਨਹੀਂ ਸਨ। ਇਸ ਦੇ ਮਗਰੋਂ ਗੈਰ-ਗਾਂਧੀ ਪਰਿਵਾਰ ਵਿਚੋਂ ਪੀ. ਵੀ. ਨਰਸਿਮ੍ਹਾ ਰਾਓ 1991 ਵਿਚ ਕਾਂਗਰਸ ਦੇ ਪ੍ਰਧਾਨ ਬਣੇ। ਉਹ ਇਸ ਅਹੁਦੇ 'ਤੇ 1996 ਤੱਕ ਰਹੇ। 1996 ਵਿਚ ਸੀਤਾਰਾਮ ਕੇਸਰੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਅਤੇ ਉਹ ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ਤੱਕ ਇਸ ਅਹੁਦੇ 'ਤੇ ਰਹੇ।