ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ

Thursday, Nov 14, 2024 - 06:53 PM (IST)

ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ

ਜਲੰਧਰ/ਚੰਡੀਗੜ੍ਹ- ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤਕਰੀਬਨ ਤਿੰਨ ਮਹੀਨਿਆਂ ਤੋਂ ਪਾਰਟੀ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੋਈ ਹੈ। ਉਨ੍ਹਾਂ ਦੇ ਅਸਤੀਫ਼ੇ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ। ਹਾਲਾਂਕਿ ਕੌਮੀ ਲੀਡਰਸ਼ਿਪ ਜਾਂ ਖ਼ੁਦ ਜਾਖੜ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। 'ਜਗ ਬਾਣੀ', ਪੰਜਾਬ ਕੇਸਰੀ ਦਫ਼ਤਰ ਆ ਕੇ ਉਨ੍ਹਾਂ ਨੇ ਸੀਨੀਅਰ ਪੱਤਰਕਾਰ ਅੰਕੁਰ ਤਾਂਗੜੀ ਨਾਲ ਵਿਸਥਾਰਤ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ’ਚ ਆਪਣੀ ਸਰਗਰਮੀ ’ਚ ਕਮੀ ਪਿਛਲੇ ਕਾਰਨਾਂ, ਕਿਸਾਨਾਂ ਤੇ ਵਿਰੋਧੀ ਪਾਰਟੀਆਂ ਸਮੇਤ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ। 
ਇਸ ਮੌਕੇ ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੇ ਰਵਨੀਤ ਸਿੰਘ ਬਿੱਟੂ ’ਤੇ ਤੰਜ ਕੱਸਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਜੂਦ ਨੂੰ ਪੰਜਾਬ ਅਤੇ ਪੰਥ ਲਈ ਜ਼ਰੂਰੀ ਦੱਸਿਆ ਹੈ। ਵਿਸ਼ੇਸ਼ ਗੱਲਬਾਤ ਦੌਰਾਨ ਕਾਂਗਰਸ ਛੱਡਣ ਦਾ ਦਰਦ ਵੀ ਉਨ੍ਹਾਂ ਦੇ ਬੋਲਾਂ ’ਚ ਸਾਫ਼ ਨਜ਼ਰ ਆਇਆ। ਨਾਲ ਹੀ ਉਨ੍ਹਾਂ ਨੇ ਕਿਸਾਨਾਂ ਪ੍ਰਤੀ ਭਾਵੁਕ ਸਾਂਝ ਨੂੰ ਬਿਆਨਦਿਆਂ ਕਿਹਾ ਕਿ ਸਾਡੀ ਪਾਰਟੀ ਕੋਲੋਂ ਉਨ੍ਹਾਂ ਨੂੰ ਸਮਝਣ ’ਚ ਕੋਤਾਹੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਨਾਂ ਲਏ ਬਗ਼ੈਰ ਕਾਂਗਰਸ ਦੇ ਕਈ ਵੱਡੇ ਆਗੂਆਂ ਨੂੰ ਖ਼ੂਬ ਰਗੜੇ ਲਾਏ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :

ਇਹ ਵੀ ਪੜ੍ਹੋ-  ਜ਼ਿਮਨੀ ਚੋਣ 'ਚ ਮਨਪ੍ਰੀਤ ਤੇ ਰਾਜਾ ਵੜਿੰਗ ਦਾ ਹੰਕਾਰ ਤੋੜਨਗੇ ਗਿੱਦੜਬਾਹਾ ਦੇ ਲੋਕ : ਭਗਵੰਤ ਮਾਨ

ਆਪਣਾ ਘਰ ਸਾਫ਼ ਕਰਨ ਬਿੱਟੂ, ਸੀ. ਐੱਮ. ਬਾਰੇ ਬਾਅਦ ’ਚ ਸੋਚਣ
ਰਵਨੀਤ ਸਿੰਘ ਬਿੱਟੂ ਵੱਲੋਂ ਆਪਣੇ-ਆਪ ਨੂੰ 2027 ’ਚ ਮੁੱਖ ਮੰਤਰੀ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ’ਤੇ ਜਾਖੜ ਦਾ ਕਹਿਣਾ ਹੈ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ, ਫਿਰ ਸੀ. ਐੱਮ. ਬਾਰੇ ਸੋਚਿਓ। ਲੋਕਾਂ ਨੂੰ ਚੰਗੇ ਕਿਰਦਾਰ ਵਾਲਾ ਸੀ. ਐੱਮ ਚਾਹੀਦਾ ਹੈ, ਜੋ ਪੰਜਾਬ ਦੀ ਗੱਲ ਕਰ ਸਕੇ। ਅਸੀਂ ਪੰਜਾਬ ’ਚ ਰਹਿਣਾ ਹੈ, ਇਸ ਲਈ ਪੰਜਾਬ ’ਚ ਭਾਈਚਾਰੇ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਪੰਜਾਬ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਜਦਕਿ ਰਾਜਨੇਤਾ ਆਪਣਾ ਉੱਲੂ ਸਿੱਧਾ ਕਰਨ ’ਚ ਲੱਗੇ ਹੋਏ ਹਨ। ਰੋਜ਼ਾਨਾ ਇਕ-ਦੂਜੇ ਖ਼ਿਲਾਫ਼ ਭੜਾਸ ਕੱਢਦੇ ਹਨ ਪਰ ਇਹ ਜ਼ੋਰ ਉਨ੍ਹਾਂ ਨੂੰ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਲਾਉਣਾ ਚਾਹੀਦਾ ਹੈ। ਬਿੱਟੂ ਨੂੰ ਪਹਿਲਾਂ ਆਪਣਾ ਘਰ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਿਰਫ਼ ਕਹਿਣ ਦੀ ਬਜਾਏ ਕਰ ਕੇ ਦਿਖਾਉਣਾ ਚਾਹੀਦਾ ਹੈ। ਭਾਜਪਾ ’ਚ ਵੀ ਕਈ ਕਾਲੀਆਂ ਭੇਡਾਂ ਹਨ, ਜਿਨ੍ਹਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਧਰਮ ਪਰਿਵਰਤਨ ਤੋਂ ਘੱਟ ਨਹੀਂ ਸੀ ਕਾਂਗਰਸ ਛੱਡਣਾ
ਜਦੋਂ ਮੈਂ ਅਸਤੀਫ਼ਾ ਦਿੱਤਾ ਤਾਂ ਮੈਨੂੰ ਪੁੱਛਿਆ ਜਾ ਰਿਹਾ ਸੀ ਕਿ ਕੀ ਤੁਸੀਂ ਕਾਂਗਰਸ ’ਚ ਜਾਓਗੇ? ਮੈਂ ਕਿਹਾ ਕਿ ਕਿਹੜੀ ਕਾਂਗਰਸ ’ਚ ਜਾਵਾਂ? ਇਹ ਉਹੀ ਕਾਂਗਰਸ ਹੈ, ਜਿੱਥੇ ਦਿੱਲੀ ਬੈਠੀ ਇਕ ਸੀਨੀਅਰ ਆਗੂ ਨੇ ਮੈਨੂੰ ਮੁੱਖ ਮੰਤਰੀ ਬਣਨ ਨਹੀਂ ਸੀ ਦਿੱਤਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਗਿਆ ਸੀ ਤਾਂ 42 ਵਿਧਾਇਕਾਂ ਨੇ ਮੇਰਾ ਸਮਰਥਨ ਕੀਤਾ ਸੀ। ਸੁਖਜਿੰਦਰ ਸਿੰਘ ਰੰਧਾਵਾ ਨੂੰ 12 ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ 2 ਵਿਧਾਇਕਾਂ ਨੇ ਸਮਰਥਨ ਦਿੱਤਾ ਸੀ ਪਰ ਮੈਨੂੰ ਹਿੰਦੂ ਹੋਣ ਕਰ ਕੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ। ਜਿਹੜੀ ਪਾਰਟੀ ’ਚ 50 ਸਾਲ ਰਿਹਾ, ਉਸ ਨੂੰ ਛੱਡਣਾ ਧਰਮ ਪਰਿਵਰਤਨ ਤੋਂ ਘੱਟ ਨਹੀਂ ਸੀ। ਇਹ ਕਿਸੇ ਹੋਰ ਲਈ ਸਾਧਾਰਨ ਗੱਲ ਹੋ ਸਕਦੀ ਹੈ ਪਰ ਮੇਰੇ ਲਈ ਬਹੁਤ ਵੱਡੀ ਗੱਲ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ

ਕਿਸਾਨਾਂ ’ਚ ਅਜੇ ਵੀ ਟੀਸ
ਕਿਸਾਨ ਅੰਦੋਲਨ ਕਾਰਨ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੇ ਸੁਨੀਲ ਜਾਖੜ ਕਿਸਾਨਾਂ ਪ੍ਰਤੀ ਕਾਫ਼ੀ ਨਰਮ ਨਜ਼ਰ ਆਏ। ਉਨ੍ਹਾਂ ਕਿਹਾਾ ਕਿ ਪੰਜਾਬ ਦੇ ਕਿਸਾਨਾਂ ’ਚ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਦੀ ਟੀਸ ਬਰਕਰਾਰ ਹੈ। ਅੰਦੋਲਨ ਕਾਰਨ ਕਈ ਕਿਸਾਨਾਂ ਨੇ ਜਾਨਾਂ ਗੁਆਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਹ ਗੱਲ ਮੰਨ ਚੁੱਕੇ ਹਨ ਕਿ ਕਿਸਾਨਾਂ ਨੂੰ ਸਮਝਾਉਣ ’ਚ ਸਾਡੀ ਸਰਕਾਰ ਕਾਮਯਾਬ ਨਹੀਂ ਹੋ ਸਕੀ। ਇਸ ਸਮੇਂ ਕਿਸਾਨਾਂ ਦੀ ਬਾਂਹ ਫੜਨ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦੀ ਲੋੜ ਹੈ।

ਭਾਜਪਾ ’ਤੇ ਪੰਜਾਬ ਤੇ ਸਿੱਖ ਵਿਰੋਧੀ ਹੋਣ ਦਾ ਠੱਪਾ ਲੱਗਦਾ ਹੈ। ਇਸ ਸਬੰਧੀ ਕੀ ਕਹੋਗੇ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਤੇ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੇ ਹਮੇਸ਼ਾ ਭਾਈਚਾਰਕ ਸਦਭਾਵਨਾ ਦਾ ਸਬੂਤ ਦਿੱਤਾ ਹੈ। ਕਰਤਾਰਪੁਰ ਲਾਂਘਾ ਖੁੱਲ੍ਹਵਾਉਣ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲਾਲ ਕਿਲੇ ’ਤੇ ਮਨਾਉਣ, ਵੀਰ ਬਾਲ ਦਿਵਸ ਮਨਾਉਣ ਵਰਗੇ ਕੰਮ ਉਨ੍ਹਾਂ ਦੇ ਪੰਜਾਬ ਪ੍ਰਤੀ ਲਗਾਅ ਨੂੰ ਦਰਸਾਉਂਦੇ ਹਨ। ਉਹ ਪੰਜਾਬੀਆਂ ਤੇ ਸਿੱਖ ਭਾਈਚਾਰੇ ਪ੍ਰਤੀ ਹਮੇਸ਼ਾ ਲਾਮਬੰਦ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ

ਤੁਸੀਂ ਹਮੇਸ਼ਾ ਅਕਾਲੀ ਦਲ ਦੀ ਵਕਾਲਤ ਕਰਦੇ ਹੋ। ਇਹ ਕਿਉਂ ?
ਅਕਾਲੀ ਦਲ ਦਾ ਰਹਿਣਾ ਪੰਜਾਬ ’ਚ ਬਹੁਤ ਜ਼ਰੂਰੀ ਹੈ ਚਾਹੇ ਉਸ ’ਚ ਸੁਖਬੀਰ ਬਾਦਲ ਹੋਣ ਜਾਂ ਨਾ ਹੋਣ। ਅਕਾਲੀ ਦਲ ਇਕ ਇੰਸਟੀਚਿਊਟ ਹੈ। ਇਸ ਤੋਂ ਇਲਾਵਾ ਅਕਾਲੀ ਦਲ ਇਕ ਸੋਚ ਹੈ। ਅਕਾਲੀ ਦਲ ਨੂੰ ਮਜ਼ਬੂਤ ਰੱਖਣ ਲਈ ਇਸ ’ਚ ਚੰਗੇ ਰਾਜਨੇਤਾ ਹੋਣੇ ਚਾਹੀਦੇ ਹਨ। ਪਹਿਲਾਂ ਅਕਾਲੀ ਦਲ ’ਚ ਜਿਹੜੇ ਨੇਤਾਵਾਂ ਨੇ ਬੁੱਲੇ ਲੁੱਟੇ ਹਨ, ਉਹ ਹੁਣ ਕਿਉਂ ਅਕਾਲੀ ਦਲ ਖ਼ਿਲਾਫ਼ ਬੋਲਦੇ ਹਨ ਤੇ ਪਹਿਲਾਂ ਕਿਉਂ ਨਹੀਂ ਬੋਲੇੇ। ਮੇਰਾ ਮੰਨਣਾ ਹੈ ਕਿ ਪੰਜਾਬ ’ਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਸਿਆਸੀ ਪਾਰਟੀ ਨਹੀਂ ਹੈ। ਇਸ ਦੀ ਨੀਂਹ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਮੁਕੱਦਸ ਅਸਥਾਨ ਤੋਂ ਰੱਖੀ ਗਈ। ਇਸ ਦੀ ਤੁਲਨਾ ਕਿਸੇ ਹੋਰ ਸਿਆਸੀ ਪਾਰਟੀ ਨਾਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਬਾਰੇ ਮੇਰੇ ਕੀਤੇ ਗਏ ਟਵੀਟ ’ਤੇ ਕਈਆਂ ਨੂੰ ਪਿੱਸੂ ਪਏ ਹੋਏ ਹਨ। ਮੈਂ ਹਰ ਕਿਸੇ ਦੀ ਰਗ-ਰਗ ਨੂੰ ਜਾਣਦਾ ਹਾਂ।

ਪੰਜਾਬ ’ਚ ਭਾਈਚਾਰਕ ਸਾਂਝ ਦੀ ਲੋੜ ਬਾਰੇ ਕੀ ਟਿੱਪਣੀ ਕਰਨਾ ਚਾਹੋਗੇ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿੰਦੇ ਹਨ ਕਿ ਪੰਜਾਬ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਪੰਜਾਬ ਇਸ ਸਮੇਂ ਬੜੇ ਖ਼ਤਰਨਾਕ ਦੌਰ ’ਚੋਂ ਲੰਘ ਰਿਹਾ ਹੈ। ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ ਹੈ। ਕਾਲੇ ਦੌਰ ’ਚ ਵੀ ਇੱਥੇ ਹਿੰਦੂ-ਸਿੱਖ ਸਾਂਝ ਬਰਕਰਾਰ ਰਹੀ ਜਦੋਂ ਏ. ਕੇ. 47 ਨਾਲ ਹਰ ਤਰ੍ਹਾਂ ਦੀ ਆਵਾਜ਼ ਦਬਾਈ ਜਾ ਰਹੀ ਸੀ। ਕਾਂਗਰਸ ਵਾਲੇ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਅੰਦਰੂਨੀ ਤੌਰ ’ਤੇ ਗੱਠਜੋੜ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਖ਼ੂਬ ਵਾਇਰਲ ਹੋ ਰਹੀਆਂ ਨੇ ਜਲੰਧਰ ਦੀਆਂ ਇਹ ਤਸਵੀਰਾਂ, ਕਲਿੱਕ ਕਰਦੇ ਹੀ ਛੁੱਟਣ ਲੱਗੇ ਲੋਕਾਂ ਦੇ ਪਸੀਨੇ

ਸੂਬਾ ਪ੍ਰਧਾਨ ਹੋਣ ਨਾਤੇ ਇਸ ਬਾਰੇ ਕੀ ਸਪੱਸ਼ਟੀਕਰਨ ਦਿਓਗੇ?
(ਹੱਸਦੇ ਹੋਏ) ਕਾਂਗਰਸੀਆਂ ਨੂੰ ਆਪਣੀ ਹੋਂਦ ਬਚਾਉਣ ਦੀ ਲੋੜ ਹੈ। ਜ਼ਿਮਨੀ ਚੋਣਾਂ ’ਚ ਅਕਾਲੀ ਦਲ ਨੇ ਚੋਣ ਮੈਦਾਨ ਛੱਡਿਆ ਹੈ, ਇਸ ’ਚ ਭਾਜਪਾ ਦੀ ਕੋਈ ਗ਼ਲਤੀ ਨਹੀਂ। ਮੈਂ ਕਾਂਗਰਸ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਯੂ. ਪੀ. ’ਚ 9 ਸੀਟਾਂ ’ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ’ਚ ਮੈਦਾਨ ਕਿਉਂ ਛੱਡ ਗਏ?

ਤੁਸੀਂ ਅਸਤੀਫ਼ਾ ਕਿਉਂ ਦਿੱਤਾ? ਕੀ ਤੁਹਾਡਾ ਹਾਈਕਮਾਂਡ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ?
ਬੇਸ਼ੱਕ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਵੋਟ ਪ੍ਰਤੀਸ਼ਤ 6 ਤੋਂ 18 ਹੋ ਗਿਆ ਪਰ ਇਹ ਕੌੜਾ ਸੱਚ ਹੈ ਕਿ ਸਾਨੂੰ ਪੰਜਾਬ ’ਚ ਇਕ ਵੀ ਸੀਟ ਨਹੀਂ ਮਿਲੀ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਮੇਰੀ ਇਹ ਨਾਕਾਮੀ ਸੀ। ਇਹੀ ਕਾਰਨ ਹੈ ਕਿ ਮੈਂ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਦਿੱਤਾ। ਮੈਂ ਹਾਈਕਮਾਂਡ ਕੋਲ ਪੰਜਾਬ ਦੇ ਕਈ ਮੁੱਦੇ ਰੱਖੇ ਤੇ ਉਨ੍ਹਾਂ ’ਤੇ ਚਰਚਾ ਵੀ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤਾ ਜਾਵੇ। ਇਹੀ ਕਾਰਨ ਹੈ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਚੋਣਾਂ ’ਚ ਸਰਗਰਮ ਨਹੀਂ ਹਾਂ। ਮੈਂ ਆਪਣੇ-ਆਪ ’ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ।

ਇਹ ਵੀ ਪੜ੍ਹੋ- ਔਰਤ ਨੇ ਤਾਂਤਰਿਕ 'ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

ਤੁਹਾਨੂੰ ਨਹੀਂ ਲੱਗਦਾ ਕਿ ਜਾਤਾਂ-ਪਾਤਾਂ ਤੇ ਧਰਮਾਂ ਨੂੰ ਸਿਆਸੀ ਪਾਰਟੀਆਂ ਨੇ ਆਧਾਰ ਬਣਾ ਲਿਆ ?
ਪਾਰਟੀਆਂ ਨੇ ਜਾਤਾਂ-ਪਾਤਾਂ ਨੂੰ ਆਧਾਰ ਬਣਾ ਲਿਆ ਤੇ ਧਰਮ ਨੂੰ ਹਾਵੀ ਕਰ ਲਿਆ ਪਰ ਪੰਜਾਬ ਅਜਿਹਾ ਸੂਬਾ ਹੈ ਕਿ ਹਿੰਦੂ-ਸਿੱਖ ਭਾਈਚਾਰੇ ਨੂੰ ਏ. ਕੇ. 47 ਵਰਗੀਆਂ ਰਾਈਫਲਾਂ ਵੀ ਤੋੜ ਨਹੀਂ ਸਕੀਆਂ। ਇੱਥੇ ਹਿੰਦੂ-ਸਿੱਖ ਦੇਖ ਕੇ ਨਹੀਂ ਸਗੋਂ ਕਿਰਦਾਰ ਜਾਂਚ ਕੇ ਸੀ. ਐੱਮ. ਚਿਹਰਾ ਚੁਣਿਆ ਜਾਣਾ ਚਾਹੀਦਾ ਹੈ। ਕਾਂਗਰਸ ’ਚ ਵੀ ਆਕਾਵਾਂ ਕੋਲ ਬੈਠ ਕੇ ਕੁਝ ਲੀਡਰ ਕੰਨ ਭਰਦੇ ਰਹਿੰਦੇ ਹਨ। ਮੇਰਾ ਮੰਨਣਾ ਹੈ ਕਿ ਹਾਈਕਮਾਂਡ ’ਚ ਬੈਠੇ ਸੀਨੀਅਰ ਨੇਤਾ ਤਾਂ ਸਹੀ ਹਨ ਪਰ ਉਨ੍ਹਾਂ ਨੂੰ ਫੀਡਬੈਕ ਦੇਣ ਵਾਲੇ ਉਨ੍ਹਾਂ ਨੂੰ ਗੁੰਮਰਾਹ ਕਰਦੇ ਹਨ।

ਪੰਜਾਬ ਸਰਕਾਰ ਦੀ ਸਥਿਤੀ ’ਤੇ ਚਾਨਣਾ ਪਾਓ ਜਾਖੜ ਸਾਬ੍ਹ?
ਸਰਕਾਰ ਨੂੰ ਵੱਡੇ ਮਗਰਮੱਛ ਫੜਨੇ ਚਾਹੀਦੇ ਹਨ ਨਾ ਕਿ ਛੋਟੀਆਂ-ਛੋਟੀਆਂ ਮੱਛੀਆਂ। ਰਵਨੀਤ ਬਿੱਟੂ ਨੂੰ ਵੀ ਤੱਥਾਂ ’ਤੇ ਆਧਾਰਿਤ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ ਨੂੰ ਵੀ ਹੋਰਨਾਂ ਸਿਆਸਤਦਾਨਾਂ ਦੀ ਕੈਟਾਗਰੀ ’ਚ ਸ਼ਾਮਲ ਹੋਣਾ ਪਵੇਗਾ।

ਪੰਜਾਬ ਵਿਚ ਕਿਸਾਨਾਂ ਦੀ ਸਥਿਤੀ ਇਸ ਸਮੇਂ ਕੀ ਹੈ ਜਾਖੜ ਸਾਬ੍ਹ?
ਮੇਰਾ ਮੰਨਣਾ ਹੈ ਕਿਸਾਨਾਂ ਦਾ ਮੁੱਦਾ ਇਸ ਸਮੇਂ ਅਹਿਮ ਹੈ। ਕਿਸਾਨ ਮੰਡੀਆਂ ’ਚ ਰੁਲ ਰਹੇ ਹਨ। ਸਥਿਤੀ ਇਹ ਬਣ ਗਈ ਹੈ ਕਿ ਕਿਸਾਨ ਨੂੰ ਖ਼ੁਦਕੁਸ਼ੀ ਤੱਕ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਕੋਰੋਨਾ ਕਾਲ ਵਰਗੇ ਔਖੇ ਸਮੇਂ ’ਚ ਵੀ ਫ਼ਸਲਾਂ ਦੀ ਨਿਰਵਿਘਨ ਖ਼ਰੀਦ ਕੀਤੀ ਗਈ ਪਰ ਹੁਣ ਕਿਸਾਨ ਮੰਡੀਆਂ ’ਚ ਖੱਜਲ ਹੋ ਰਹੇ ਹਨ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਨੂੰ ਮਿਲੀ ਸਕਿਓਰਿਟੀ, ਤਾਇਨਾਤ ਹੋਏ ਗੰਨਮੈਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News