ਕੰਗਨਾ ਰਨੌਤ ਨੇ ਕਾਂਗਰਸ ''ਤੇ ਕੀਤੇ ਤਿੱਖੇ ਸ਼ਬਦੀ ਹਮਲੇ, ਕਿਹਾ- ਪਰਿਵਾਰਵਾਦ ਨੇ ਦੇਸ਼ ਨੂੰ ਦੀਮਕ ਵਾਂਗ ਖਾਧਾ
Saturday, May 04, 2024 - 02:32 PM (IST)
ਸੁੰਦਰਨਗਰ- ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਉਮੀਦਵਾਰ ਕੰਗਨਾ ਰਨੌਤ ਨੇ ਕਾਂਗਰਸ ਪਾਰਟੀ ਨੂੰ ਅੰਗੇਰਜ਼ਾਂ ਦੀ ਛੱਡੀ ਹੋਈ ਬੀਮਾਰੀ ਦੱਸਿਆ ਹੈ। ਰਨੌਤ ਨੇ ਸ਼ੁੱਕਰਵਾਰ ਸ਼ਾਮ ਨੂੰ ਸੁੰਦਰਨਗਰ ਬਾਜ਼ਾਰ ਵਿਚ ਰੋਡ ਸ਼ੋਅ ਕੀਤਾ ਅਤੇ ਆਪਣੇ ਲਈ ਵੋਟਾਂ ਮੰਗਣ ਨਾਲ ਹੀ ਕਾਂਗਰਸ ਪਾਰਟੀ ਅਤੇ ਉਸ ਦੇ ਨੇਤਾਵਾਂ 'ਤੇ ਤਿੱਖੇ ਜ਼ੁਬਾਨੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅੰਗਰੇਜ਼ਾਂ ਦੀ ਛੱਡੀ ਹੋਈ ਬੀਮਾਰੀ ਹੈ ਅਤੇ ਇਸ ਨਾਲ ਸਾਡਾ ਦੇਸ਼ ਕਈ ਦਹਾਕਿਆਂ ਤੱਕ ਪੀੜਤ ਰਿਹਾ। ਰਨੌਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਾਦੇਸ਼ ਸਰਦਾਰ ਪਟੇਲ ਨੂੰ ਮਿਲਿਆ ਪਰ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਅਤੇ ਤਾਨਾਸ਼ਾਹੀ ਕਰ ਕੇ ਪੂਰੇ ਦੇਸ਼ ਨੂੰ ਕੈਦ ਕਰ ਦਿੱਤਾ। ਫਿਰ ਇਟਾਲੀਅਨ ਸੋਨੀਆ ਗਾਂਧੀ ਇਸ ਦੇਸ਼ 'ਤੇ ਆਪਣਾ 'ਹੱਥ' ਅਜਮਾਉਣ ਆ ਗਈ।
ਰਨੌਤ ਮੁਤਾਬਕ ਕਾਂਗਰਸ ਪਾਰਟੀ ਦੇ ਇਸ ਪਰਿਵਾਰਵਾਦ ਨੇ ਦੇਸ਼ ਨੂੰ ਦੀਮਕ ਵਾਂਗ ਖਾਧਾ ਹੈ ਪਰ 2014 ਵਿਚ ਇਕ ਬਦਲਾਅ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇਕ ਨਵੀਂ ਦਿਸ਼ਾ ਦਿੱਤੀ। ਕੰਗਨਾ ਨੇ ਰਾਹੁਲ ਗਾਂਧੀ, ਤੇਜਸਵੀ ਸੂਰੀਆ ਅਤੇ ਅਖਿਲੇਸ਼ ਯਾਦਵ 'ਤੇ ਵੀ ਤਿੱਖੇ ਜ਼ੁਬਾਨੀ ਹਮਲੇ ਬੋਲੇ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਨਾ ਕੋਈ ਚਰਿੱਤਰ ਹੈ ਅਤੇ ਨਾ ਹੀ ਸੰਸਕਾਰ। ਹਿਮਾਚਲ ਵਿਚ ਇਕ ਅਜਿਹਾ ਰਾਜਕੁਮਾਰ ਵੀ ਹੈ ਜਿਸ ਨੂੰ ਦੇਸ਼ ਵਿਚ ਕੋਈ ਨਹੀਂ ਜਾਣਦਾ ਸੀ ਪਰ ਅੱਜ ਉਹ ਮੇਰੇ ਖਿਲਾਫ ਅਸ਼ਲੀਲ ਟਿੱਪਣੀਆਂ ਕਰਕੇ ਸੁਰਖੀਆਂ ਵਿਚ ਆ ਰਿਹਾ ਹੈ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਪਦਮਸ਼੍ਰੀ ਵਰਗਾ ਵੱਕਾਰੀ ਸਨਮਾਨ ਮਿਲਿਆ ਹੈ। ਕੰਗਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਨ ਕਿਰਦਾਰ ਵਾਲਾ ਅਤੇ ਵਿਰੋਧੀ ਪਾਰਟੀਆਂ ਨੂੰ ਕਾਰਟੂਨ ਵੀ ਕਿਹਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨ-ਰਾਤ ਦੇਸ਼ ਬਾਰੇ ਸੋਚਦੇ ਰਹਿੰਦੇ ਹਨ ਜਦਕਿ ਦੂਜੇ ਪਾਸੇ ਕਾਰਟੂਨ ਹਰ ਰੋਜ਼ ਹਾਸੋਹੀਣੀ ਗੱਲਾਂ ਕਹਿੰਦੇ ਰਹਿੰਦੇ ਹਨ।