ਕਾਂਗਰਸ ਸੱਤਾ ’ਚ ਆਈ ਤਾਂ 21ਵੀਂ ਸਦੀ ਦੇ ਭਾਰਤ ਨੂੰ ਧੱਕ ਦੇਵੇਗੀ ਹਨੇਰੇ ’ਚ : ਮੋਦੀ
Tuesday, May 14, 2019 - 07:36 PM (IST)

ਬਕਸਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਸੱਤਾ ਵਿਚ ਆ ਗਈਆਂ ਤਾਂ ਉਹ 21ਵੀਂ ਸਦੀ ਦੇ ਭਾਰਤ ਨੂੰ ਹਨੇਰੇ ਵਿਚ ਧੱਕ ਦੇਣਗੀਆਂ। ਮੰਗਲਵਾਰ ਇਥੇ ਇਕ ਚੋਣ ਜਲਸੇ ਵਿਚ ਮੋਦੀ ਨੇ ਦਾਅਵਾ ਕੀਤਾ ਕਿ ਸਿਰਫ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਹੀ ਦੇਸ਼ ਨੂੰ ਉਜਾਲੇ ਵਲ ਲਿਜਾ ਸਕਦੀ ਹੈ। ਮੇਰੀ ਅਗਵਾਈ ਵਾਲੀ ਸਰਕਾਰ ਨੇ ਅੱਤਵਾਦੀਆਂ ਅਤੇ ਭਾਰਤ-ਪਾਕਿ ਸਰਹੱਦ ’ਤੇ ਦੋਵਾਂ ਪਾਸਿਆਂ ਦੇ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕੀਤਾ ਹੈ। ਜੇ ਹੁਣ ਮਹਾਮਿਲਾਵਟੀ ਗਠਜੋੜ ਸੱਤਾ ਵਿਚ ਆ ਗਿਆ ਤਾਂ ਪੱਥਰਬਾਜ਼ਾਂ, ਨਕਸਲੀਆਂ ਅਤੇ ਟੁਕੜੇ-ਟੁਕੜੇ ਗੈਂਗ ਨੂੰ ਉਸ ਵਲੋਂ ਮੁਫਤ ਲਾਇਸੈਂਸ ਦਿੱਤੇ ਜਾਣਗੇ। 6 ਪੜਾਵਾਂ ਦੀਆਂ ਚੋਣਾਂ ਵਿਚ ਲੋਕਾਂ ਦਾ ਰੁਖ਼ ਵੇਖ ਕੇ ਵਿਰੋਧੀ ਪਾਰਟੀਆਂ ਨੂੰ ਅਪਮਾਨਜਨਕ ਹਾਰ ਦਾ ਅਹਿਸਾਸ ਹੋ ਗਿਆ ਹੈ। ਇਸੇ ਕਾਰਨ ਉਨ੍ਹਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪੁੱਜਾ ਹੋਇਆ ਹੈ। ਸਾਸਾਰਾਮ ਵਿਚ ਇਕ ਚੋਣ ਜਲਸੇ ਵਿਚ ਮੋਦੀ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ’ਚ ‘ਹੋਇਆ ਤਾਂ ਹੋਇਆ’ ਕਹਿਣ ਵਾਲੇ ਹੰਕਾਰੀ ਮਹਾਮਿਲਾਵਟੀ ਦੇ ਦੇਸ਼ ਦੇ ਲੋਕ ‘ਹੁਣ ਬਹੁਤ ਹੋਇਆ’ ਕਹਿ ਰਹੇ ਹਨ। ਕਾਂਗਰਸ ਇਕ ਹੰਕਾਰੀ ਪਾਰਟੀ ਹੈ। ਇਸ ਦਾ ਹਸ਼ਰ ਮਾੜਾ ਹੋਵੇਗਾ।