ਕਰਨਾਟਕ ਹਿਜਾਬ ਮੁੱਦੇ 'ਤੇ ਕੁਝ ਦੇਸ਼ਾਂ ਦੀਆਂ ਅਣਚਾਹੀਆਂ ਟਿੱਪਣੀਆਂ ਮਨਜ਼ੂਰ ਨਹੀਂ : ਭਾਰਤ
Saturday, Feb 12, 2022 - 11:52 AM (IST)
ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਕਰਨਾਟਕ 'ਚ ਹਿਜਾਬ ਵਿਵਾਦ ਨੂੰ ਲੈ ਕੇ ਕੁਝ ਦੇਸ਼ਾਂ ਦੀਆਂ ਟਿੱਪਣੀਆਂ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਅਣਚਾਹਾ ਦਖ਼ਲ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਭਾਰਤ ਦੀ ਸੰਵਿਧਾਨਕ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਅਜਿਹੇ ਮੁੱਦਿਆਂ ਦੇ ਹੱਲ ਦੀ ਵਿਵਸਥਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਕਰਨਾਟਕ 'ਚ ਕੁਝ ਸਿੱਖਿਆ ਸੰਸਥਾਵਾਂ 'ਚ ਪਹਿਨਾਵੇ ਨੂੰ ਲੈ ਕੇ ਇਕ ਮੁੱਦਾ ਕਰਨਾਟਕ ਹਾਈ ਕੋਰਟ ਦੀ ਨਿਆਇਕ ਸਮੀਖਿਆ ਦੇ ਅਧੀਨ ਹੈ। ਸਾਡੀ ਸੰਵਿਧਾਨਕ ਪ੍ਰਣਾਲੀ ਅਤੇ ਲੋਕਤੰਤਰੀ ਪ੍ਰਕਿਰਿਆ 'ਚ ਅਜਿਹਾ ਮੁੱਦਿਆਂ 'ਤੇ ਉੱਚਿਤ ਵਿਚਾਰ ਵਟਾਂਦਰੇ ਅਤੇ ਹੱਲ ਦੀ ਕਾਰਗਰ ਵਿਵਸਥਾ ਹੈ।
ਬਾਗਚੀ ਨੇ ਕਿਹਾ,''ਜੋ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਨੂੰ ਇਨ੍ਹਾਂ ਅਸਲੀਅਤਾਂ ਦੀ ਪੂਰੀ ਸਮਝ ਹੋਵੇਗੀ। ਸਾਡੇ ਅੰਦਰੂਨੀ ਮੁੱਦਿਆਂ 'ਤੇ ਕਿਸੇ ਹੋਰ ਮਕਸਦ ਨਾਲ ਪ੍ਰੇਰਿਤ ਟਿੱਪਣੀਆਂ ਮਨਜ਼ੂਰ ਨਹੀਂ ਹੈ।'' ਬਾਗਚੀ ਨੇ ਕਰਨਾਟਕ 'ਚ ਕੁਝ ਸਿੱਖਿਆ ਸੰਸਥਾਵਾਂ 'ਚ ਵਰਦੀ ਸੰਬੰਧੀ ਨਿਯਮਾਂ 'ਤੇ ਕੁਝ ਦੇਸ਼ਾਂ ਦੀਆਂ ਟਿੱਪਣੀਆਂ ਬਾਰੇ ਮੀਡੀਆ ਵਲੋਂ ਸਵਾਲ ਪੁੱਛੇ ਜਾਣ 'ਤੇ ਇਹ ਪ੍ਰਤੀਕਿਰਿਆ ਦਿੱਤੀ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਧਾਰਮਿਕਤਾ ਆਜ਼ਾਦੀ ਨੂੰ ਉਤਸ਼ਾਹ ਦੇਣ ਲਈ ਅਮਰੀਕਾ ਦੇ 'ਅੰਬੈਂਸਡਰ-ਏਟ-ਲਾਰਜ' ਰਾਸ਼ਿਦ ਹੁਸੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ 'ਧਾਰਮਿਕਤਾ ਆਜ਼ਾਦੀ ਦੀ ਉਲੰਘਣਾ' ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕੀਤਾ ਅਤੇ ਕਰਨਾਟਕ 'ਚ ਮੁਸਲਿਮ ਵਿਦਿਆਰਥਣਾਂ ਨੂੰ ਹਿਜਾਬ ਪਹਿਨਣ ਤੋਂ ਰੋਕਣ 'ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ