ਦਾਜ ਦੀ ਬਲੀ ਚੜ੍ਹੀ ਕਮਾਂਡੋ ਲੇਡੀ ! ਕਤਲ ਕਰ ਪਤੀ ਨੇ ਸਾਲੇ ਨੂੰ ਲਾਇਆ ਫੋਨ, ਕਿਹਾ- ''ਆ ਕੇ ਲੈ ਜਾਓ...''
Thursday, Jan 29, 2026 - 04:55 PM (IST)
ਨੈਸ਼ਲਲ ਡੈਸਕ : ਰਾਜਧਾਨੀ ਦਿੱਲੀ ਤੋਂ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦਿੱਲੀ ਪੁਲਸ ਦੀ ਇਕ ਜਾਂਬਾਜ਼ SWAT ਕਮਾਂਡੋ ਕਾਜਲ (27) ਦਾ ਉਸ ਦੇ ਹੀ ਪਤੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਾਤਲ ਕੋਈ ਪੇਸ਼ੇਵਰ ਬਦਮਾਸ਼ ਨਹੀਂ, ਸਗੋਂ ਕਾਜਲ ਦਾ ਪਤੀ ਅੰਕੁਰ ਹੈ, ਜੋ ਰੱਖਿਆ ਮੰਤਰਾਲੇ ਵਿੱਚ ਕਲਰਕ ਵਜੋਂ ਤਾਇਨਾਤ ਹੈ।
ਲੋਹੇ ਦੇ ਡੰਬਲ ਨਾਲ ਕੀਤਾ ਹਮਲਾ
ਇਹ ਖ਼ੂਨੀ ਵਾਰਦਾਤ 22 ਜਨਵਰੀ 2026 ਦੀ ਰਾਤ ਨੂੰ ਵਾਪਰੀ। ਪੁਲਸ ਅਨੁਸਾਰ ਅੰਕੁਰ ਨੇ ਕਾਜਲ ਦਾ ਸਿਰ ਪਹਿਲਾਂ ਦਰਵਾਜ਼ੇ 'ਚ ਮਾਰਿਆ ਅਤੇ ਫਿਰ ਲੋਹੇ ਦੇ ਡੰਬਲ ਨਾਲ ਉਸ ਦੇ ਸਿਰ 'ਤੇ ਕਈ ਵਾਰ ਕੀਤੇ। ਗੰਭੀਰ ਜ਼ਖ਼ਮੀ ਹਾਲਤ ਵਿੱਚ ਕਾਜਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪੰਜ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ 27 ਜਨਵਰੀ ਨੂੰ ਉਸ ਦੀ ਮੌਤ ਹੋ ਗਈ। ਮੌਤ ਦੇ ਸਮੇਂ ਕਾਜਲ ਚਾਰ ਮਹੀਨੇ ਦੀ ਗਰਭਵਤੀ ਸੀ।
'ਆ ਕੇ ਆਪਣੀ ਭੈਣ ਦੀ ਲਾਸ਼ ਲੈ ਜਾਓ'
ਕਾਜਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਅੰਕੁਰ ਨੇ ਕਾਜਲ ਦੇ ਭਰਾ ਨੂੰ ਫੋਨ ਕਰਕੇ ਬੇਹੱਦ ਬੇਰਹਿਮੀ ਨਾਲ ਕਿਹਾ, "ਆ ਕੇ ਆਪਣੀ ਭੈਣ ਦੀ ਲਾਸ਼ ਲੈ ਜਾਓ"। ਪਰਿਵਾਰ ਦਾ ਦੋਸ਼ ਹੈ ਕਿ ਵਿਆਹ ਦੇ ਮਹਿਜ਼ 15 ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਵੱਲੋਂ ਗੱਡੀ ਅਤੇ ਨਕਦੀ ਦੀ ਮੰਗ ਨੂੰ ਲੈ ਕੇ ਕਾਜਲ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਦਿੱਤੇ ਜਾਣ ਲੱਗੇ ਸਨ।
ਸੰਘਰਸ਼ਾਂ ਨਾਲ ਭਰੀ ਸੀ ਕਾਜਲ ਦੀ ਕਹਾਣੀ
ਸੋਨੀਪਤ ਦੇ ਗਨੌਰ ਦੀ ਰਹਿਣ ਵਾਲੀ ਕਾਜਲ 2022 ਵਿੱਚ ਦਿੱਲੀ ਪੁਲਸ ਵਿੱਚ ਭਰਤੀ ਹੋਈ ਸੀ ਅਤੇ ਆਪਣੀ ਕਾਬਲੀਅਤ ਸਦਕਾ ਸਪੈਸ਼ਲ ਸੈੱਲ ਦੀ SWAT ਯੂਨਿਟ ਦੀ ਕਮਾਂਡੋ ਬਣੀ ਸੀ। ਉਸ ਨੇ ਅੰਕੁਰ ਨਾਲ 2023 ਵਿੱਚ ਪ੍ਰੇਮ ਵਿਆਹ ਕੀਤਾ ਸੀ। ਸਾਲ 2024 ਵਿੱਚ ਉਹ ਦਾਜ ਦੇ ਕਲੇਸ਼ ਕਾਰਨ ਦਿੱਲੀ ਵਿੱਚ ਅਲੱਗ ਰਹਿਣ ਲੱਗ ਪਈ ਸੀ, ਪਰ ਅੰਕੁਰ ਉੱਥੇ ਵੀ ਆ ਕੇ ਉਸ ਨਾਲ ਕੁੱਟਮਾਰ ਕਰਦਾ ਸੀ।
ਪੁਲਸ ਕਾਰਵਾਈ ਅਤੇ ਅੰਤਿਮ ਵਿਦਾਈ
ਪੁਲਸ ਨੇ ਮੁਲਜ਼ਮ ਪਤੀ ਅੰਕੁਰ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕਾਜਲ ਦੀ ਮੌਤ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਕਾਜਲ ਦਾ ਉਸ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਪੂਰਾ ਪਿੰਡ ਆਪਣੀ ਧੀ ਦੀ ਸ਼ਹਾਦਤ 'ਤੇ ਭਾਵੁਕ ਨਜ਼ਰ ਆਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
