ਇਜ਼ਰਾਈਲ-ਈਰਾਨ ਯੁੱਧ ''ਚ PM ਮੋਦੀ ਦੀ ਐਂਟਰੀ ! ਬਹਿਰੀਨ ਦੇ ਕਿੰਗ ਤੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਲਾਇਆ ਫੋਨ

Monday, Mar 02, 2026 - 07:16 PM (IST)

ਇਜ਼ਰਾਈਲ-ਈਰਾਨ ਯੁੱਧ ''ਚ PM ਮੋਦੀ ਦੀ ਐਂਟਰੀ ! ਬਹਿਰੀਨ ਦੇ ਕਿੰਗ ਤੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੂੰ ਲਾਇਆ ਫੋਨ

ਨੈਸ਼ਨਲ ਡੈਸਕ : ਇਜ਼ਰਾਈਲ, ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਖਾੜੀ ਦੇਸ਼ਾਂ ਦੇ ਨੇਤਾਵਾਂ ਨਾਲ ਸੰਪਰਕ ਬਣਾਏ ਹੋਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਬਹਿਰੀਨ ਦੇ ਕਿੰਗ ਹਮਾਦ ਬਿਨ ਈਸਾ ਅਲ ਖਲੀਫ਼ਾ ਅਤੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ 'ਤੇ ਵਿਸ਼ੇਸ਼ ਗੱਲਬਾਤ ਕੀਤੀ।

ਹਮਲਿਆਂ ਦੀ ਨਿੰਦਾ ਅਤੇ ਭਾਰਤੀ ਭਾਈਚਾਰੇ ਦੀ ਸੁਰੱਖਿਆ
 ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਨੇਤਾਵਾਂ ਨਾਲ ਗੱਲਬਾਤ ਦੌਰਾਨ ਖਾੜੀ ਖੇਤਰ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਇਸ ਦੌਰਾਨ ਉਨ੍ਹਾਂ ਦੀ ਚਰਚਾ ਦਾ ਮੁੱਖ ਕੇਂਦਰ ਇਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਭਲਾਈ ਅਤੇ ਸੁਰੱਖਿਆ ਰਿਹਾ। ਦੱਸਣਯੋਗ ਹੈ ਕਿ ਇਰਾਨ ਨੇ ਜਵਾਬੀ ਕਾਰਵਾਈ ਵਿੱਚ ਇਜ਼ਰਾਈਲ ਦੇ ਨਾਲ-ਨਾਲ UAE, ਬਹਿਰੀਨ, ਕਤਰ ਅਤੇ ਕੁਵੈਤ ਵਰਗੇ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਖੇਤਰੀ ਸ਼ਾਂਤੀ ਲਈ ਭਾਰਤ ਦੀ ਅਪੀਲ
 ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਸਾਰੇ ਪੱਖਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਖੇਤਰੀ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਦੀ ਅਪੀਲ ਕੀਤੀ ਹੈ। ਭਾਰਤ ਨੇ ਇਸ ਔਖੀ ਘੜੀ ਵਿੱਚ UAE ਨਾਲ ਇੱਕਜੁੱਟਤਾ ਪ੍ਰਗਟਾਈ ਹੈ ਅਤੇ ਉੱਥੇ ਭਾਰਤੀਆਂ ਦਾ ਖਿਆਲ ਰੱਖਣ ਲਈ ਧੰਨਵਾਦ ਵੀ ਕੀਤਾ ਹੈ।

ਪੀਐਮ ਆਵਾਸ 'ਤੇ ਹੋਈ ਉੱਚ ਪੱਧਰੀ CCS ਬੈਠਕ
 ਮਿਡਲ ਈਸਟ ਵਿੱਚ ਪੈਦਾ ਹੋਏ ਗੰਭੀਰ ਤਣਾਅ ਅਤੇ ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਦੇ ਹਾਲਾਤਾਂ 'ਤੇ ਚਰਚਾ ਕਰਨ ਲਈ ਪੀਐਮ ਮੋਦੀ ਨੇ ਆਪਣੇ ਆਵਾਸ 'ਤੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਅਹਿਮ ਮੀਟਿੰਗ ਬੁਲਾਈ। ਐਤਵਾਰ ਦੇਰ ਸ਼ਾਮ ਹੋਈ ਇਹ ਬੈਠਕ ਕਰੀਬ 3 ਘੰਟੇ ਚੱਲੀ, ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ਾਮਲ ਹੋਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Shubam Kumar

Content Editor

Related News