ਵਿਆਹ ਦੇ 9 ਮਹੀਨਿਆਂ ਬਾਅਦ ਨਵ-ਵਿਆਹੁਤਾ ਦੀ ਮੌਤ, ਪੇਕੇ ਪਰਿਵਾਰ ਨੇ ਲਾਏ ਦਾਜ ਲਈ ਕਤਲ ਦੇ ਇਲਜ਼ਾਮ
Thursday, Feb 19, 2026 - 12:25 PM (IST)
ਸੂਰਜਪੁਰ- ਛੱਤੀਸਗੜ੍ਹ ਦੇ ਸੂਰਜਪੁਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਦੇ ਪਿੰਡ ਮਹਗਾਂਵਾ 'ਚ ਇਕ 22 ਸਾਲਾ ਨਵ-ਵਿਆਹੁਤਾ ਦੀ ਫਾਹੇ ਨਾਲ ਲਟਕਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਬਬੀਤਾ ਰਾਜਵਾੜੇ ਵਜੋਂ ਹੋਈ ਹੈ, ਜਿਸ ਦਾ ਵਿਆਹ ਕਰੀਬ 9 ਮਹੀਨੇ ਪਹਿਲਾਂ ਮਹਗਾਂਵਾ ਦੇ ਰਹਿਣ ਵਾਲੇ ਖਲੇਸ਼ਵਰ ਰਾਜਵਾੜੇ ਨਾਲ ਹੋਇਆ ਸੀ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੀ ਹੈ। ਬਬੀਤਾ ਦੀ ਲਾਸ਼ ਉਸ ਦੇ ਸਹੁਰੇ ਘਰ ਦੇ ਕਮਰੇ 'ਚ ਪੱਖੇ ਨਾਲ ਸਾੜ੍ਹੀ ਦੇ ਸਹਾਰੇ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਕੀ ਮੈਂਬਰ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਜਦੋਂ ਉਹ ਵਾਪਸ ਪਰਤੇ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਦੇਰ ਤੱਕ ਆਵਾਜ਼ਾਂ ਦੇਣ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ, ਜਿੱਥੇ ਅੰਦਰ ਬਬੀਤਾ ਦੀ ਲਾਸ਼ ਲਟਕ ਰਹੀ ਸੀ। ਸੂਚਨਾ ਮਿਲਦੇ ਹੀ ਕੋਤਵਾਲੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪੱਖ 'ਤੇ ਕਤਲ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਹੀ ਸਹੁਰੇ ਪਰਿਵਾਰ ਵਾਲੇ ਬਬੀਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਕ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਸੀ, ਇਸ ਲਈ ਖੁਦਕੁਸ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਬੀਤਾ ਦਾ ਕਤਲ ਕਰਕੇ ਉਸ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੂਜੇ ਪਾਸੇ, ਸਹੁਰੇ ਪਰਿਵਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੇ ਕੰਮ 'ਤੇ ਬਾਹਰ ਗਏ ਹੋਏ ਸਨ ਅਤੇ ਪਿੱਛੋਂ ਬਬੀਤਾ ਨੇ ਅਣਪਛਾਤੇ ਕਾਰਨਾਂ ਕਰਕੇ ਇਹ ਕਦਮ ਚੁੱਕ ਲਿਆ। ਪੁਲਸ ਅਧਿਕਾਰੀਆਂ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ। ਫਿਲਹਾਲ ਪੁਲਸ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
