ਕੋਲਾ ਬਲਾਕ ਅਲਾਟਮੈਂਟ ਮਾਮਲਾ : ਮਧੂ ਕੋਡਾ ਨੂੰ 3 ਸਾਲ ਦੀ ਕੈਦ

12/17/2017 10:38:29 AM

ਨਵੀਂ ਦਿੱਲੀ— ਜਨਵਰੀ 2007 ਦੇ ਕੋਲਾ ਬਲਾਕ ਅਲਾਟਮੈਂਟ ਘਪਲੇ ਨਾਲ ਜੁੜੇ ਇਕ ਮਾਮਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਨੂੰ ਇਕ ਵਿਸ਼ੇਸ਼ ਅਦਾਲਤ ਨੇ ਅੱਜ 3-3 ਸਾਲ ਕੈਦ ਦੀ ਸਜ਼ਾ ਸੁਣਾਈ ਹੈ।  ਵਿਸ਼ੇਸ਼ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਉਣ ਦੇ ਇਲਾਵਾ ਕੋਡਾ ਨੂੰ 25 ਲੱਖ ਰੁਪਏ ਜਦਕਿ ਗੁਪਤਾ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਹੈ। 
ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਏ. ਕੇ. ਵਸੂ ਅਤੇ ਤੱਤਕਾਲੀਨ ਮੁੱਖ ਮੰਤਰੀ ਦੇ ਕਰੀਬੀ ਸਲਾਹਕਾਰ ਵਿਜੇ ਜੋਸ਼ੀ ਨੂੰ ਵੀ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਝਾਰਖੰਡ 'ਚ ਰਾਜਹਰਾ ਉੱਤਰੀ ਕੋਲਾ ਬਲਾਕ ਦਾ ਕੋਲਕਾਤਾ ਸਥਿਤ ਇਕ ਨਿੱਜੀ ਕੰਪਨੀ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮ. (ਵਿਸੁਲ) ਨੂੰ ਅਲਾਟ ਕਰਨ ਦੇ ਮਾਮਲੇ 'ਚ ਭ੍ਰਿਸ਼ਟ ਕਾਰਵਾਈਆਂ 'ਚ ਸ਼ਾਮਲ ਹੋਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਲਈ ਇਹ ਸਜ਼ਾ ਦਿੱਤੀ ਗਈ। ਵਿਸ਼ੇਸ਼ ਜੱਜ ਭਰਤ ਪ੍ਰਾਸ਼ਰ ਨੇ ਵਿਸੁਲ ਨੂੰ ਵੀ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ 50 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਕੋਡਾ ਸਮੇਤ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ਨੂੰ 2-2 ਮਹੀਨਿਆਂ ਦੀ ਸੰਵਿਧਾਨਿਕ ਜ਼ਮਾਨਤ ਦਿੱਤੀ ਗਈ ਹੈ ਤਾਂ ਕਿ ਇਸ ਦੌਰਾਨ ਉਹ ਦਿੱਲੀ ਹਾਈ ਕੋਰਟ 'ਚ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਜੇਲ ਦੀ ਸਜ਼ਾ ਵਿਰੁੱਧ ਅਪੀਲ ਕਰ ਸਕਣ।


Related News