ਕੋਚਿੰਗ ਸੈਂਟਰ ਹਾਦਸੇ ''ਤੇ ਐਕਸ਼ਨ ''ਚ ਉੱਪ ਰਾਜਪਾਲ, ਘਟਨਾ ''ਤੇ ਮੰਗੀ ਰਿਪੋਰਟ
Sunday, Jul 28, 2024 - 04:40 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਐਤਵਾਰ ਨੂੰ ਡਿਵੀਜ਼ਨਲ ਕਮਿਸ਼ਨਰ ਨੂੰ ਰਾਜੇਂਦਰ ਨਗਰ ਸਥਿਤ ਇਕ ਕੋਚਿੰਗ ਸੈਂਟਰ ਦੀ ਘਟਨਾ 'ਤੇ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ, ਜਿੱਥੇ ਬੇਸਮੈਂਟ 'ਚ ਪਾਣੀ ਭਰ ਜਾਣ ਨਾਲ ਸਿਵਲ ਸੇਵਾ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਉੱਪ ਰਾਜਪਾਲ ਨੇ ਕਿਹਾ ਕਿ ਇਹ ਘਟਨਾ ਸੰਬੰਧਤ ਏਜੰਸੀਆਂ ਵਲੋਂ 'ਅਪਰਾਧਕ ਲਾਪਰਵਾਹੀ' ਅਤੇ 'ਬੁਨਿਆਦੀ ਸਾਂਭ-ਸੰਭਾਲ' 'ਚ ਘਾਟ ਵੱਲ ਇਸ਼ਾਰਾ ਕਰਦੀ ਹੈ। ਸਕਸੈਨਾ ਨੇ ਕਿਹਾ ਕਿ ਉਹ ਸਿਵਲ ਸੇਵਾ ਵਿਦਿਆਰਥੀਆਂ ਦੀ ਮੌਤ ਦੀ ਘਟਨਾ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਭਾਰਤ ਦੀ ਰਾਜਧਾਨੀ 'ਚ ਅਜਿਹਾ ਹੋਣਾ ਬੇਹੱਦ ਮੰਦਭਾਗੀ ਹੈ।'' ਉੱਪ ਰਾਜਪਾਲ ਨੇ ਕਿਹਾ,''ਪਿਛਲੇ ਕੁਝ ਦਿਨਾਂ 'ਚ ਬਿਜਲੀ ਦਾ ਕਰੰਟ ਲੱਗਣ ਨਾਲ 7 ਹੋਰ ਨਾਗਰਿਕਾਂ ਦੀ ਮੌਤ ਦੀ ਖ਼ਬਰ ਹੈ। ਜਿਹੜੇ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।''
ਸਕਸੈਨਾ ਨੇ ਕਿਹਾ ਕਿ ਇਹ ਸਥਿਤੀ 'ਤੇ ਕਰੀਬੀ ਨਜ਼ਰ ਰੱਖੇ ਹੋਏ ਹਨ। ਉਨ੍ਹਾਂ ਕਿਹਾ,''ਇਹ ਘਟਨਾਵਾਂ ਸਪੱਸ਼ਟ ਰੂਪ ਨਾਲ ਅਪਰਾਧਕ ਲਾਪਰਵਾਹੀ ਅਤੇ ਸੰਬੰਧਤ ਏਜੰਸੀਆਂ ਅਤੇ ਵਿਭਾਗਾਂ ਵਲੋਂ ਬੁਨਿਆਦੀ ਸਾਂਭ-ਸੰਭਾਲ ਅਤੇ ਪ੍ਰਬੰਧਨ 'ਚ ਅਸਫ਼ਲਤਾ ਵੱਲ ਇਸ਼ਾਰਾ ਕਰਦੀਆਂ ਹਨ।'' ਉੱਪ ਰਾਜਪਾਲ ਨੇ ਕਿਹਾ,''ਸ਼ਹਿਰ 'ਚ ਪਾਣੀ ਦੀ ਨਿਕਾਸੀ ਅਤੇ ਸੰਬੰਧਤ ਬੁਨਿਆਦੀ ਢਾਂਚੇ, ਨਾਲ ਹੀ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕੋਸ਼ਿਸ਼ ਸਪੱਸਟ ਰੂਪ ਨਾਲ ਅਸਫ਼ਲ ਹੋ ਗਈ ਹੈ।'' ਉਨ੍ਹਾਂ ਕਿਹਾ ਕਿ ਇਹ ਘਟਨਾ ਪਿਛਲੇ ਇਕ ਦਹਾਕੇ ਤੋਂ ਦਿੱਲੀ 'ਚ ਪ੍ਰਚਲਿਤ ਕੁਸ਼ਾਸਨ ਦੀ ਵਿਆਪਕ ਦੁਰਦਸ਼ਾ ਨੂੰ ਦਰਸਾਉਂਦੀ ਹੈ। ਉੱਪ ਰਾਜਪਾਲ ਨੇ ਕਿਹਾ ਕਿ ਕੋਚਿੰਗ ਸੈਂਟਰਾਂ ਅਤੇ ਮਕਾਨ ਮਾਲਕਾਂ ਦੀ ਭੂਮਿਕਾ 'ਤੇ ਗੌਰ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਘਰਾਂ ਤੋਂ ਦੂਰ ਰਹਿ ਕੇ ਭਾਰੀ ਫ਼ੀਸ ਅਤੇ ਕਿਰਾਇਆ ਦੇਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਨਹੀਂ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8