''ਭੜਕਾਊ ਬਿਆਨਬਾਜ਼ੀ ਤੋਂ ਕਰੋ ਪਰਹੇਜ਼'', ਬੰਗਲਾਦੇਸ਼ ਹਿੰਸਾ ''ਤੇ ਬੋਲੀ ਮਮਤਾ ਬੈਨਰਜੀ

Monday, Aug 05, 2024 - 06:25 PM (IST)

''ਭੜਕਾਊ ਬਿਆਨਬਾਜ਼ੀ ਤੋਂ ਕਰੋ ਪਰਹੇਜ਼'', ਬੰਗਲਾਦੇਸ਼ ਹਿੰਸਾ ''ਤੇ ਬੋਲੀ ਮਮਤਾ ਬੈਨਰਜੀ

ਕੋਲਕਾਤਾ: ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਚੱਲ ਰਹੀ ਅਸ਼ਾਂਤੀ ਦੇ ਵਿਚਕਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਰਾਜ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਭੜਕਾਹਟ ਦਾ ਸ਼ਿਕਾਰ ਨਾ ਹੋਣ ਦੀ ਅਪੀਲ ਕੀਤੀ। ਬੰਗਲਾਦੇਸ਼ ਦੇ ਘਟਨਾਕ੍ਰਮ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਮੁੱਖ ਮੰਤਰੀ ਬੈਨਰਜੀ ਨੇ ਕਿਹਾ ਕਿ ਇਸ ਵਿਸ਼ੇ 'ਤੇ ਸਿਰਫ ਵਿਦੇਸ਼ ਮੰਤਰਾਲਾ ਹੀ ਕੋਈ ਪ੍ਰਤੀਕਿਰਿਆ ਦੇਵੇਗਾ।

ਬੈਨਰਜੀ ਨੇ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਸਾਰੇ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕਿਸੇ ਵੀ ਭੜਕਾਹਟ ਦੇ ਅੱਗੇ ਨਾ ਝੁਕਣ ਦੀ ਅਪੀਲ ਕਰਦੀ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਇਸ ਮੁੱਦੇ 'ਤੇ ਜੋ ਵੀ ਫੈਸਲਾ ਲਵੇਗਾ, ਅਸੀਂ ਉਸ ਦੀ ਪਾਲਣਾ ਕਰਾਂਗੇ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੇਖ ਹਸੀਨਾ ਨੇ ਸੋਮਵਾਰ ਨੂੰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣੀ ਸਰਕਾਰ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਦੇਸ਼ ਛੱਡ ਦਿੱਤਾ। ਪਿਛਲੇ ਦੋ ਦਿਨਾਂ ਵਿੱਚ ਹਿੰਸਕ ਪ੍ਰਦਰਸ਼ਨਾਂ ਵਿੱਚ 106 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਅੰਤਰਿਮ ਸਰਕਾਰ ਅਹੁਦਾ ਸੰਭਾਲੇਗੀ। ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸੋਮਵਾਰ ਨੂੰ ਇੱਥੇ ਇਹ ਐਲਾਨ ਕੀਤਾ। ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਪਿਛਲੇ ਦੋ ਦਿਨਾਂ ਤੋਂ ਹਸੀਨਾ ਸਰਕਾਰ ਦੇ ਖਿਲਾਫ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋ ਰਹੇ ਹਨ, ਜਿਸ 'ਚ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਸੀਨਾ ਦੇ ਦੇਸ਼ ਛੱਡਣ ਦੀਆਂ ਖਬਰਾਂ ਦੇ ਵਿਚਕਾਰ, ਫੌਜ ਮੁਖੀ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ ਕਿ ਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕਿਰਪਾ ਕਰਕੇ ਸਪੋਰਟ ਕਰੋ।

ਇਸ ਦੌਰਾਨ ਸੂਚਨਾ ਮਿਲੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੀ ਸ਼ੇਖ ਹਸੀਨਾ ਲੰਡਨ ਲਈ ਰਵਾਨਾ ਹੋ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਅਜਿਹੀਆਂ ਅਪੁਸ਼ਟ ਰਿਪੋਰਟਾਂ ਆਈਆਂ ਸਨ ਕਿ ਉਹ (ਹਸੀਨਾ) ਭਾਰਤ ਦੇ ਕਿਸੇ ਸ਼ਹਿਰ ਲਈ ਰਵਾਨਾ ਹੋ ਗਈ ਹੈ। ਫੌਜ ਮੁਖੀ ਵਕਾਰ-ਉਜ਼-ਜ਼ਮਾਨ ਨੇ ਕਿਹਾ ਕਿ ਉਹ ਸਿਆਸੀ ਨੇਤਾਵਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਕਿਹਾ ਕਿ ਫੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਹਾਲਾਂਕਿ ਬੈਠਕ 'ਚ ਹਸੀਨਾ ਦੀ ਅਵਾਮੀ ਲੀਗ ਪਾਰਟੀ ਦਾ ਕੋਈ ਨੇਤਾ ਮੌਜੂਦ ਨਹੀਂ ਸੀ।


author

Baljit Singh

Content Editor

Related News