ਆਜ਼ਾਦ ਦੀ ਪਾਰਟੀ ’ਤੇ ਸੰਕਟ ਦੇ ਬੱਦਲ, ਕੱਢੇ ਗਏ ਨੇਤਾ ਬੋਲੇ-ਭਾਰਤ ਜੋੜੋ ਯਾਤਰਾ ’ਚ ਹੋਣਗੇ ਸ਼ਾਮਲ

Monday, Dec 26, 2022 - 12:34 PM (IST)

ਆਜ਼ਾਦ ਦੀ ਪਾਰਟੀ ’ਤੇ ਸੰਕਟ ਦੇ ਬੱਦਲ, ਕੱਢੇ ਗਏ ਨੇਤਾ ਬੋਲੇ-ਭਾਰਤ ਜੋੜੋ ਯਾਤਰਾ ’ਚ ਹੋਣਗੇ ਸ਼ਾਮਲ

ਨੈਸ਼ਨਲ ਡੈਸਕ– ਗੁਲਾਮ ਨਬੀ ਆਜ਼ਾਦ ਵੱਲੋਂ 3 ਸੀਨੀਅਰ ਨੇਤਾਵਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਲਈ ਆਪਣੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ. ਏ. ਪੀ.) ਤੋਂ ਕੱਢਣ ਤੋਂ ਬਾਅਦ ਪਾਰਟੀ ’ਤੇ ਸੰਕਟ ਦੇ ਬੱਦਲ ਛਾਏ ਦਿਖਾਈ ਦੇ ਰਹੇ ਹਨ। ਸਾਬਕਾ ਮੰਤਰੀ ਤਾਰਾ ਚੰਦ ਤੇ ਮਨੋਹਰ ਲਾਲ ਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਨੂੰ ਪਾਰਟੀ ’ਚੋਂ ਬਾਹਰ ਕੱਢੇ ਜਾਣ ਤੋਂ ਬਾਅਦ 126 ਨੇਤਾਵਾਂ ਤੇ ਕਾਰਕੁੰਨਾਂ ਨੇ ਵੀ ਵਿਰੋਧ ’ਚ ਪਾਰਟੀ ਛੱਡ ਦਿੱਤੀ ਹੈ। ਡੀ. ਏ. ਪੀ. ’ਚ ਸੰਕਟ ਵਿਚਾਲੇ ਕਾਂਗਰਸ ਨੇ ਕਿਹਾ ਕਿ ਉਸ ਦੇ ਦਰਵਾਜ਼ੇ ‘ਧਰਮ ਨਿਰਪੱਖ ਲੋਕਾਂ’ ਲਈ ਖੁੱਲ੍ਹੇ ਹਨ।
ਇਸ ਦੌਰਾਨ ਕਥਿਤ ਤੌਰ ’ਤੇ ਕੱਢੇ ਗਏ ਨੇਤਾ ਤਾਰਾ ਚੰਦ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਸਲਾਹ ਕਰਣਗੇ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣਗੇ, ਜਦ ਇਹ ਅਗਲੇ ਮਹੀਨੇ ਜੰਮੂ-ਕਸ਼ਮੀਰ ’ਚ ਦਾਖਲ ਹੋਵੇਗੀ।

ਪਾਰਟੀ ਤੋਂ ਬਾਹਰ ਹੋਏ ਨੇਤਾ ਸਨ ਆਜ਼ਾਦ ਦੇ ਵਫਾਦਾਰ

ਲੰਘੇ ਸ਼ਨੀਵਾਰ ਨੂੰ ਆਜ਼ਾਦ ਦੀ ਪਾਰਟੀ ਛੱਡਣ ਵਾਲੇ ਪ੍ਰਮੁੱਖ ਨੇਤਾਵਾਂ ’ਚ ਜੰਮੂ-ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਮ. ਕੇ. ਭਾਰਦਵਾਜ, ਇਕ ਸੀਨੀਅਰ ਵਕੀਲ ਅਤੇ ਡੀ. ਏ. ਪੀ. ਦੇ ਜੰਮੂ ਜ਼ਿਲਾ ਪ੍ਰਧਾਨ ਵਿਨੋਦ ਸ਼ਰਮਾ ਸ਼ਾਮਲ ਹਨ। ਦੋਵੇਂ ਆਜ਼ਾਦ ਦੇ ਵਫਾਦਾਰ ਮੰਨੇ ਜਾਂਦੇ ਸਨ।

ਤਾਰਾ ਚੰਦ ਲਗਾਤਾਰ 3 ਵਾਰ 1996, 2002 ਅਤੇ 2008 ’ਚ ਖੁਰ ਤੋਂ ਵਿਧਾਇਕ ਚੁਣੇ ਗਏ ਸਨ। ਉਹ ਵਿਧਾਨ ਸਭਾ ਦੇ ਸਪੀਕਰ ਅਤੇ ਜੰਮੂ-ਕਸ਼ਮੀਰ ਦੇ ਤਤਕਾਲੀ ਉੱਪ ਮੁੱਖ ਮੰਤਰੀ ਰਹੇ ਹਨ, ਜਦਕਿ ਸ਼ਰਮਾ ਅਤੇ ਬਲਵਾਨ ਸਿੰਘ ਇਕ ਸਾਬਕਾ ਮੰਤਰੀ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਨੂੰ ਕੱਢੇ ਜਾਣ ਵਾਲੇ ਨੋਟਿਸ ’ਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਪਾਰਟੀ ਵਿਰੋਧੀ ਕਾਰਵਾਈਆਂ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਡੀ. ਏ. ਪੀ. ਨੇ ਨਾ ਸਿਰਫ ਤਾਰਾ ਚੰਦ ਦੇ ਰੂਪ ’ਚ ਇਕ ਪ੍ਰਮੁੱਖ ਦਲਿਤ ਚਿਹਰਾ ਗੁਆ ਦਿੱਤਾ ਹੈ ਸਗੋਂ ਜੰਮੂ ’ਚ ਕਾਫੀ ਸਮਰਥਨ ਵਾਲੇ ਉੱਚ ਜਾਤੀ ਦੇ ਨੇਤਾਵਾਂ ਨੂੰ ਵੀ ਗੁਆ ਦਿੱਤਾ। ਇਹ ਤਿੰਨੋਂ ਕਾਂਗਰਸ ’ਚ ਆਪਣੇ ਸਮੇਂ ਦੌਰਾਨ ਹਮੇਸ਼ਾ ਆਜ਼ਾਦ ਦੇ ਹੱਕ ’ਚ ਸਨ, ਅਕਸਰ ਪਾਰਟੀ ਹਾਈ ਕਮਾਨ ਨੂੰ ਨਾ ਪਸੰਦ ਕਰਦੇ ਸਨ।

ਪਾਰਟੀ ਦੇ ਵਜੂਦ ’ਤੇ ਉਠਾਏ ਸਵਾਲ

ਤਿੰਨੋਂ ਕੱਢੇ ਗਏ ਨੇਤਾਵਾਂ ਦੇ ਨੇੜਲੇ ਸੂਤਰਾਂ ਅਨੁਸਾਰ ਹੋਰ ਵੀ ਲੋਕਾਂ ਦੇ ਪਾਰਟੀ ਛੱਡਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਕੱਢੇ ਜਾਣ ਨੂੰ ਹੁਣ ਤੱਕ ਦੀ ਸਭ ਤੋਂ ਖਰਾਬ ਤਾਨਾਸ਼ਾਹੀ ਦੱਸਦੇ ਹੋਏ ਤਾਰਾ ਚੰਦ ਨੇ ਕਿਹਾ ਕਿ ਆਜ਼ਾਦ ਨੇ ਕਈ ਮੌਕਿਆਂ ’ਤੇ ਅਖਿਲ ਭਾਰਤੀ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦਾ ਵਿਰੋਧ ਕੀਤਾ ਪਰ ਕਿਸੇ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਨਹੀਂ ਕੱਢਿਆ। ਆਜ਼ਾਦ ’ਤੇ ਵਰ੍ਹਦੇ ਹੋਏ ਤਾਰਾ ਚੰਦ ਨੇ ਪੁੱਛਿਆ ਕਿ ਪਾਰਟੀ ਕਿਥੇ ਹੈ? ਇਸ ਦਾ ਰਜਿਸਟ੍ਰੇਸ਼ਨ ਨੰਬਰ, ਲੋਗੋ, ਰਜਿਸਟਰਡ ਨਾਂ ਜਾਂ ਦਫਤਰ ਕੀ ਹੈ? ਫਿਰ ਵੀ ਤੁਸੀਂ ਦਾਅਵਾ ਕਰਦੇ ਹੋ, ਜਦ ਪਾਰਟੀ ਦੀ ਹੋਂਦ ਹੀ ਨਹੀਂ ਤੇ ਸਾਨੂੰ ਕੱਢ ਦਿੱਤਾ ਗਿਆ। ਤਾਰਾ ਚੰਦ ਨੇ ਕਿਹਾ ਕਿ ਆਜ਼ਾਦ ਨਾਲ ਪੁਰਾਣੇ ਜੁੜਾਅ ਦੇ ਕਾਰਨ ਕਾਂਗਰਸ ਨੂੰ ਛੱਡ ਕੇ ਉਨ੍ਹਾਂ ਨਾਲ ਜਾਣਾ ਇਕ ਗਲਤੀ ਸੀ। ਸਾਬਕਾ ਡਿਪਟੀ ਸੀ. ਐੱਮ. ਨੇ ਕਿਹਾ ਕਿ ਡੀ. ਏ. ਪੀ. ’ਚ ਸਿਰਫ 64 ਮੈਂਬਰ ਸਨ, ਜਦ ਉਹ ਉਨ੍ਹਾਂ ਦੇ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਅੱਜ 126 ਲੋਕਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ।

ਕਾਂਗਰਸ ਨੇ ਕਿਹਾ-ਪਾਰਟੀ ’ਚ ਫਿਰ ਕਰਾਂਗੇ ਸ਼ਾਮਲ

ਇਸ ਦੌਰਾਨ ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ ਕਿ ਪਾਰਟੀ ਦੇ ਦਰਵਾਜ਼ੇ ਧਰਮ ਨਿਰਪੱਖ ਲੋਕਾਂ ਲਈ ਖੁੱਲ੍ਹੇ ਹਨ ਅਤੇ ਫਿਰਕੂ ਮਾਨਸਿਕਤਾ ਵਾਲੇ ਲੋਕਾਂ ਲਈ ਬੰਦ ਹੈ। ਵਾਨੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ ਅਤੇ ਉਨ੍ਹਾਂ ਨੂੰ ਕਾਂਗਰਸ ’ਚ ਫਿਰ ਸ਼ਾਮਲ ਕਰਨ ਦਾ ਫੈਸਲਾ ਸਹੀ ਸਮੇਂ ’ਤੇ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੋ ਲੋਕ ਡੀ. ਏ. ਪੀ. ’ਚ ਸ਼ਾਮਲ ਹੋਏ ਸਨ, ਉਹ ਆਜ਼ਾਦ ਦੀ ਅਗਵਾਈ ਵਾਲੇ ਗਰੁੱਪ ਦੇ ਨਕਲੀ ਨਾਅਰਿਆਂ ਤੋਂ ਪ੍ਰਭਾਵਿਤ ਹੋਏ ਸਨ, ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਪਾਰਟੀ ਚੋਣ ਕਮਿਸ਼ਨ ਵੱਲੋਂ ਰਜਿਸਟਰਡ ਜਾਂ ਮਾਨਤਾ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਇਕੋ ਜਿਹੇ ਵਿਚਾਰਧਾਰਾ ਵਾਲੇ ਲੋਕਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਦਾ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣ ਲਈ ਸਵਾਗਤ ਹੈ।


author

Rakesh

Content Editor

Related News