ਹਿਮਾਚਲ ਪ੍ਰਦੇਸ਼ : ਰੋਹੜੂ ''ਚ ਬੱਦਲ ਫਟਣ ਨਾਲ ਕਈ ਘਰਾਂ ਨੂੰ ਨੁਕਸਾਨ, ਕਾਰ ਰੁੜ੍ਹੀ

Monday, Jul 17, 2023 - 10:48 AM (IST)

ਹਿਮਾਚਲ ਪ੍ਰਦੇਸ਼ : ਰੋਹੜੂ ''ਚ ਬੱਦਲ ਫਟਣ ਨਾਲ ਕਈ ਘਰਾਂ ਨੂੰ ਨੁਕਸਾਨ, ਕਾਰ ਰੁੜ੍ਹੀ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਨੁਕਸਾਨ ਹੋਇਆ ਹੈ। ਰੋਹੜੂ ਦੀ ਭਲਾੜਾ ਪੰਚਾਇਤ ਅਧੀਨ ਪੈਂਦੇ ਮਲਖੂਨ ਨਾਲੇ ਵਿਚ ਬੀਤੀ ਰਾਤ ਬੱਦਲ ਫਟਣ ਕਾਰਨ ਘਰਾਂ ਨੂੰ ਨੁਕਸਾਨ ਪੁੱਜਾ ਹੈ। ਉੱਥੇ ਹੀ ਸੜਕ ਕਿਨਾਰੇ ਖੜ੍ਹੀ ਇਕ ਕਾਰ ਵੀ ਪਾਣੀ ਦੇ ਤੇਜ਼ ਵਹਾਅ ਵਿਚ ਵਹਿ ਗਈ। ਮੰਡੀ 'ਚ ਸਰਾਜ ਦੇ ਪਿੰਡ ਮਿਹਾਚ ਸੰਦੋਚਾ ਵਿਚ ਪਹਾੜੀ ਤੋਂ ਡਿੱਗੇ ਮਲਬੇ ਹੇਠ ਦੱਬ ਕੇ ਬਾਲ ਕ੍ਰਿਸ਼ਨ (16) ਪੁੱਤਰ ਦੋਲਾ ਰਾਮ ਦੀ ਮੌਤ ਹੋ ਗਈ। ਦੂਜੇ ਪਾਸੇ ਮੰਡੀ ਦੇ ਧਰਮਪੁਰ ਇਲਾਕੇ ਵਿਚ ਕਾਂਢਾਪਤਨ ਨੇੜੇ ਬਿਆਸ ਨਦੀ 'ਚੋਂ ਇਕ ਲਾਸ਼ ਮਿਲੀ। ਮ੍ਰਿਤਕ ਕੁੱਲੂ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸ ਦੀ ਬਾਂਹ 'ਤੇ ਰਾਜਕੁਮਾਰ ਦੇ ਨਾਂ ਦਾ ਟੈਟੂ ਸੀ। ਰਾਜਕੁਮਾਰ ਦੇ ਲਾਪਤਾ ਹੋਣ ਦੀ ਰਿਪੋਰਟ ਕੁੱਲੂ ਦੇ ਸਾਢਾਬਾਈ ਥਾਣੇ ਵਿਚ ਦਰਜ ਕਰਵਾਈ ਗਈ ਹੈ। ਰੋਹੜੂ 'ਚ ਬੱਦਲ ਫਟਣ ਤੋਂ ਬਾਅਦ ਸ਼ਿਕੜੀ ਖੱਡ ਦੇ ਪਾਣੀ ਦਾ ਪੱਧਰ ਵਧਣ ਕਾਰਨ ਰੋਹੜੂ ਮੰਡੀ ਦੇ ਨਾਲ ਸਮਾਲਾ 'ਚ ਖੱਡ ਦੇ ਕੰਢੇ ਬਣੀਆਂ ਝੁੱਗੀਆਂ 'ਚ ਪਾਣੀ ਅਤੇ ਮਲਬਾ ਦਾਖ਼ਲ ਹੋਣ ਨਾਲ ਕਰੀਬ ਦੋ ਦਰਜਨ ਪਰਿਵਾਰ ਪ੍ਰਭਾਵਿਤ ਹੋਏ ਹਨ। ਸਾਵੜਾ ਕੁੱਡੂ ਪ੍ਰਾਜੈਕਟ ਦੀ ਡੈਮ ਸਾਈਟ ਦੇ ਨਾਲ-ਨਾਲ ਚਾਮਸ਼ੂ ਲਈ ਬਣਾਈ ਗਈ ਸੜਕ ਦਾ ਇਕ ਕਿਲੋਮੀਟਰ ਹਿੱਸਾ ਡੈਮ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਨਕਦੀ ਫ਼ਸਲਾਂ ਨੂੰ ਮੰਡੀਆਂ ਤੱਕ ਪਹੁੰਚਾਉਣਾ ਬਾਗਬਾਨਾਂ ਲਈ ਚੁਣੌਤੀ ਬਣ ਗਿਆ ਹੈ।

PunjabKesari

ਦੂਜੇ ਪਾਸੇ ਪਾਣੀ ਦਾ ਪੱਧਰ ਵਧਣ ਕਾਰਨ ਪੌਂਗ ਡੈਮ ਦੇ ਗੇਟ ਖੋਲ੍ਹਣੇ ਪਏ। ਉੱਥੇ ਹੀ ਹਿਮਾਚਲ ਰੋਡ ਟਰਾਂਸਪੋਰਟ ਨਿਗਮ ਨੇ ਕੁੱਲੂ ਤੋਂ ਲੰਬੇ ਰੂਟਾਂ 'ਤੇ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਇਕ ਹਫ਼ਤੇ ਬਾਅਦ ਮਨਾਲੀ-ਚੰਡੀਗੜ੍ਹ ਅਤੇ ਕੁੱਲੂ-ਮੰਡੀ ਹਾਈਵੇਅ ਖੁੱਲ੍ਹਣ ਤੋਂ ਬਾਅਦ ਕੁੱਲੂ ਤੋਂ ਦਿੱਲੀ, ਪਠਾਨਕੋਟ, ਧਰਮਸ਼ਾਲਾ ਅਤੇ ਸ਼ਿਮਲਾ ਲਈ ਬੱਸ ਸੰਚਾਲਨ ਸ਼ੁਰੂ ਕਰ ਦਿੱਤਾ। ਇਸ ਸੰਬੰਧ 'ਚ ਨਿਗਮ ਦੇ ਮੰਡਲੀ ਪ੍ਰਬੰਧਕ ਡੀਕੇ ਨਾਰੰਗ ਨੇ ਕਿਹਾ ਕਿ ਸਥਾਨਕ ਰੂਟਾਂ ਤੋਂ ਇਲਾਵਾ ਨਿਗਮ ਨੇ ਲੰਬੇ ਰੂਟਾਂ 'ਤੇ ਬੱਸਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ। ਹਾਲਾਂਕਿ ਮੀਂਹ ਕਾਰਨ ਐੱਨ.ਐੱਚ. ਮੰਡੀ-ਕੁੱਲੂ ਕੁਝ ਦੇਰ ਲਈ 6 ਮੀਲ ਨੇੜੇ ਬੰਦ ਰਿਹਾ। ਹਿਮਾਚਲ ਪ੍ਰਦੇਸ਼ ਵਿਚ ਅਗਲੇ ਤਿੰਨ ਦਿਨਾਂ ਤੱਕ ‘ਯੈਲੋ ਅਲਰਟ’ ਰਹੇਗਾ। ਸੋਮਵਾਰ ਯਾਨੀ 17 ਜੁਲਾਈ ਨੂੰ ਓਰੇਂਜ ਅਲਰਟ ਦੇ ਵਿਚਕਾਰ ਇਕ ਜਾਂ ਦੋ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ।

PunjabKesari


author

DIsha

Content Editor

Related News