''ਕਾਨੂੰਨ ਦਾ ਮਤਲਬ ਸਿਰਫ਼ ਗ਼ਲਤੀਆਂ ਸੁਧਾਰਨਾ ਨਹੀਂ..!'' ; ਚੀਫ਼ ਜਸਟਿਸ

Tuesday, Sep 15, 2026 - 04:20 PM (IST)

''ਕਾਨੂੰਨ ਦਾ ਮਤਲਬ ਸਿਰਫ਼ ਗ਼ਲਤੀਆਂ ਸੁਧਾਰਨਾ ਨਹੀਂ..!'' ; ਚੀਫ਼ ਜਸਟਿਸ

ਨਵੀਂ ਦਿੱਲੀ- ਚੀਫ ਜਸਟਿਸ ਸੂਰਿਆਕਾਂਤ ਨੇ ਬੁਨਿਆਦੀ ਢਾਂਚਾ ਵਿਕਾਸ ਦੇ ਸਬੰਧ ’ਚ ਸੋਮਵਾਰ ਨੂੰ ਕਿਹਾ ਕਿ ਕਾਨੂੰਨ ਦੇ ਸ਼ਾਸਨ ਤੋਂ ਭਾਵ ਸਿਰਫ ਗਲਤ ਨੂੰ ਠੀਕ ਕਰਨਾ ਨਹੀਂ, ਸਗੋਂ ਅਜਿਹਾ ਵਾਤਾਵਰਣ ਬਣਾਉਣਾ ਵੀ ਹੈ ਜਿੱਥੇ ਚੀਜ਼ਾਂ ਸਹੀ ਤਰੀਕੇ ਨਾਲ ਹੋਣ। ਜਸਟਿਸ ਸੂਰਿਆਕਾਂਤ ਨੇ ‘ਬੁਨਿਆਦੀ ਢਾਂਚੇ ਦੇ ਸੁਭਾਵਿਕ ਤੌਰ ’ਤੇ ਅਣ-ਕਿਆਸੇ ਹਾਲਾਤ ਪ੍ਰਤੀ ਸੰਵੇਦਨਸ਼ੀਲ ਹੋਣ’ ਦੀ ਗੱਲ ਕਹੀ। ਉਨ੍ਹਾਂ ਬੁਨਿਆਦੀ ਢਾਂਚਾ ਵਿਕਾਸ ’ਚ ਪਿਛਾਂਹ-ਖਿੱਚੂ ਨਿਆਂ ਤੋਂ ਨਿਵਾਰਕ ਨਿਆਂ ਵੱਲ ਵਧਣ ਦੀ ਅਪੀਲ ਕੀਤੀ।

ਇੱਥੇ ਐੱਫ. ਆਈ. ਡੀ. ਸੀ. ਗਲੋਬਲ ਬੁਨਿਆਦੀ ਢਾਂਚਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਸਫ਼ਲਤਾ ਦਾ ਅਸਲ ਪੈਮਾਨਾ ਸਿਰਫ਼ ਇਹ ਨਹੀਂ ਹੈ ਕਿ ਵਿਵਾਦ ਕਿੰਨੀ ਛੇਤੀ ਸੁਲਝਾਏ ਜਾਂਦੇ ਹਨ, ਸਗੋਂ ਇਹ ਹੈ ਕਿ ਪ੍ਰਾਜੈਕਟਾਂ ਨੂੰ ਕਿੰਨੀ ਚੰਗੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਵਿਵਾਦ ਘੱਟ ਤੋਂ ਘੱਟ ਹੋਣ।

ਉਨ੍ਹਾਂ ਕਿਹਾ, ‘‘ਕਾਨੂੰਨ ਦੇ ਸ਼ਾਸਨ ਦਾ ਮਤਲਬ ਸਿਰਫ਼ ਗਲਤੀਆਂ ਨੂੰ ਸੁਧਾਰਨਾ ਹੀ ਨਹੀਂ ਹੈ, ਸਗੋਂ ਅਜਿਹਾ ਵਾਤਾਵਰਣ ਬਣਾਉਣਾ ਵੀ ਹੈ ਜਿਸ ’ਚ ਸਭ ਕੁਝ ਸਹੀ ਤਰੀਕੇ ਨਾਲ ਹੋ ਸਕੇ।’’ ਚੀਫ ਜਸਟਿਸ ਨੇ ਕਿਹਾ, ‘‘ਇਸ ਲਈ, ਸਾਡੇ ਬੁਨਿਆਦੀ ਢਾਂਚੇ ਨੂੰ ਪਿਛਾਂਹ-ਖਿੱਚੂ ਨਿਆਂ ਤੋਂ ਹਟ ਕੇ ਨਿਵਾਰਕ ਨਿਆਂ ਵੱਲ ਵਧਣ ਦੀ ਲੋੜ ਹੈ। ਭਾਵ, ਪ੍ਰਾਜੈਕਟ ’ਚ ਰੁਕਾਵਟ ਆਉਣ ਤੋਂ ਬਾਅਦ ਸਵਾਲ ਉਠਾਉਣ ਦੀ ਬਜਾਏ, ਸਮਝੌਤੇ ਅਤੇ ਸੰਸਥਾਗਤ ਢਾਂਚੇ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਕਿ ਗੱਲਬਾਤ ਅਤੇ ਵਿਵਾਦ ਤੋਂ ਬਚਣ ਦੇ ਤਰੀਕਿਆਂ ਰਾਹੀਂ ਅਸਹਿਮਤੀ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵਿਵਾਦ ਦਾ ਰੂਪ ਲੈਣ ਤੋਂ ਪਹਿਲਾਂ ਹੀ ਸੁਲਝਾਇਆ ਜਾ ਸਕੇ।’’

ਉਨ੍ਹਾਂ ਕਿਹਾ, ‘‘ਆਖਰਕਾਰ, ਵਿਵਾਦ ਸੁਲਝਾਉਣ ਵਾਲੀ ਪ੍ਰਣਾਲੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਨਹੀਂ ਹੈ ਕਿ ਉਸ ਨੇ ਬਹੁਤ ਸਾਰੇ ਵਿਵਾਦ ਸੁਲਝਾਏ ਹਨ, ਸਗੋਂ ਇਹ ਹੈ ਕਿ ਜਿਸ ਪ੍ਰਾਜੈਕਟ ਲਈ ਉਹ ਸੀ, ਉਸ ਨੂੰ ਉਸ ਦੀ ਵਰਤੋਂ ਕਰਨ ਦੀ ਬਹੁਤ ਘੱਟ ਲੋੜ ਪਈ।’’ ਚੀਫ ਜਸਟਿਸ ਵਜੋਂ ਅਦਾਲਤਾਂ ’ਚ ‘ਗੂੜ੍ਹਾ ਵਿਸ਼ਵਾਸ’ ਪ੍ਰਗਟਾਉਂਦਿਆਂ ਜਸਟਿਸ ਸੂਰਿਆਕਾਂਤ ਨੇ ਕਿਹਾ, ‘‘ਪਰ ਮੈਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਹੈ ਕਿ ਕਾਨੂੰਨ ਪ੍ਰਣਾਲੀ ਨੂੰ ਆਪਣੀ ਸਫ਼ਲਤਾ ਸਿਰਫ਼ ਇਸ ਆਧਾਰ ’ਤੇ ਨਹੀਂ ਮਾਪਣੀ ਚਾਹੀਦੀ ਕਿ ਉਹ ਵਿਵਾਦ ਪੈਦਾ ਹੋਣ ਤੋਂ ਬਾਅਦ ਉਸ ਨੂੰ ਕਿੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੁਲਝਾਉਂਦੀ ਹੈ, ਸਗੋਂ ਉਸ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਕਿਸੇ ਪ੍ਰਾਜੈਕਟ ਨਾਲ ਜੁੜੀਆਂ ਸੰਸਥਾਵਾਂ ਉਨ੍ਹਾਂ ਵਿਵਾਦਾਂ ਨੂੰ ਸ਼ੁਰੂ ’ਚ ਹੀ ਪੈਦਾ ਹੋਣ ਤੋਂ ਰੋਕਣ ’ਚ ਕਿੰਨੀਆਂ ਅਸਰਦਾਰ ਹਨ।’’


author

Harpreet SIngh

Content Editor

Related News