''ਅਸੀਂ ਕਦੇ ਨਹੀਂ ਝੁਕਾਂਗੇ'': ਭਾਰਤ ਦੀ ਧਰਤੀ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ਤੇ ਇਜ਼ਰਾਈਲ ''ਤੇ ਨਿਸ਼ਾਨਾ

Saturday, Sep 12, 2026 - 12:14 AM (IST)

''ਅਸੀਂ ਕਦੇ ਨਹੀਂ ਝੁਕਾਂਗੇ'': ਭਾਰਤ ਦੀ ਧਰਤੀ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ਤੇ ਇਜ਼ਰਾਈਲ ''ਤੇ ਨਿਸ਼ਾਨਾ

ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਆਯੋਜਿਤ ਬ੍ਰਿਕਸ ਸ਼ਿਖਰ ਸੰਮੇਲਨ 2026 ਵਿੱਚ ਹਿੱਸਾ ਲੈਣ ਆਏ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਭਾਰਤ ਤੋਂ ਅਮਰੀਕਾ ਅਤੇ ਇਜ਼ਰਾਈਲ 'ਤੇ ਤਿੱਖਾ ਹਮਲਾ ਬੋਲਿਆ ਹੈ। ਨਵੀਂ ਦਿੱਲੀ ਵਿੱਚ ਧਾਰਮਿਕ ਆਗੂਆਂ, ਬੁੱਧੀਜੀਵੀਆਂ ਅਤੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਪੇਜ਼ੇਸ਼ਕੀਅਨ ਨੇ ਕਿਹਾ ਕਿ ਈਰਾਨ 'ਤੇ ਦਬਾਅ ਬਣਾਉਣ ਅਤੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦਾ ਦੇਸ਼ ਕਦੇ ਝੁਕਣ ਵਾਲਾ ਨਹੀਂ ਹੈ।

ਈਰਾਨੀ ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਕਿ ਈਰਾਨ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਦੇ ਬਾਵਜੂਦ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਦੇ ਸਾਹਮਣੇ ਕਦੇ ਨਹੀਂ ਝੁਕਦੇ; ਜੇਕਰ ਉਹ ਸਾਨੂੰ ਧੱਕਾ ਦਿੰਦੇ ਹਨ, ਤਾਂ ਅਸੀਂ ਵੀ ਪਲਟ ਕੇ ਜਵਾਬ ਦਿੰਦੇ ਹਾਂ"। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਇੱਕੋ ਸਮੇਂ ਇਜ਼ਰਾਈਲ ਅਤੇ ਅਮਰੀਕਾ ਵਿਰੁੱਧ ਸਫ਼ਲਤਾਪੂਰਵਕ ਖੜ੍ਹਾ ਹੋਇਆ ਹੈ।

ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਅਮਰੀਕਾ ਅਤੇ ਇਜ਼ਰਾਈਲ 'ਤੇ ਮਨੁੱਖੀ-ਅਧਿਕਾਰਾਂ ਦੇ ਮੁੱਦੇ 'ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ਜੋ ਦੇਸ਼ ਖੁਦ ਨੂੰ ਮਾਨਵ-ਅਧਿਕਾਰਾਂ ਦੇ ਸਮਰਥਕ ਦੱਸਦੇ ਹਨ, ਉਨ੍ਹਾਂ ਨੇ ਸੈਨਿਕ ਕਾਰਵਾਈਆਂ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਧੁਨਿਕ ਤਕਨਾਲੋਜੀ ਅਤੇ ਹਥਿਆਰਾਂ ਦੀ ਵਰਤੋਂ ਨਾਲ ਕੀਤੇ ਗਏ ਇੱਕ ਹਮਲੇ ਵਿੱਚ 168 ਸਕੂਲੀ ਬੱਚਿਆਂ ਦੀ ਮੌਤ ਹੋਈ। ਉਨ੍ਹਾਂ ਕਿਹਾ ਕਿ ਜੇਕਰ ਯੁੱਧ ਕਰਨਾ ਹੀ ਹੈ ਤਾਂ ਇਹ ਸੈਨਿਕਾਂ ਅਤੇ ਸੈਨਿਕ ਟਿਕਾਣਿਆਂ ਤੱਕ ਸੀਮਤ ਹੋਣਾ ਚਾਹੀਦਾ ਹੈ, ਨਾ ਕਿ ਆਮ ਨਾਗਰਿਕਾਂ, ਸਕੂਲਾਂ, ਹਸਪਤਾਲਾਂ ਅਤੇ ਬੁਨਿਆਦੀ ਢਾਂਚੇ 'ਤੇ।

ਇਸ ਸੰਬੋਧਨ ਤੋਂ ਪਹਿਲਾਂ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋਪੱਖੀ ਬੈਠਕ ਵੀ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਹੋਈ ਚਰਚਾ ਵਿੱਚ ਪੱਛਮੀ ਏਸ਼ੀਆ ਦੀ ਸਥਿਤੀ, ਖੇਤਰੀ ਸਥਿਰਤਾ, ਊਰਜਾ ਸੁਰੱਖਿਆ ਅਤੇ ਸਮੁੰਦਰੀ ਮਾਰਗਾਂ ਦੀ ਸੁਰੱਖਿਆ ਵਰਗੇ ਪ੍ਰਮੁੱਖ ਮੁੱਦੇ ਸ਼ਾਮਲ ਰਹੇ।
 


author

Inder Prajapati

Content Editor

Related News