70 ਫੁੱਟ ਡੂੰਘੇ ਬੋਰਵੈਲ 'ਚੋਂ ਸੁਰੱਖਿਅਤ ਨਿਕਲਿਆ ਮਾਸੂਮ, ਪਰਿਵਾਰ 'ਚ ਖੁਸ਼ੀ ਦਾ ਮਾਹੌਲ
Sunday, Jan 27, 2019 - 01:40 PM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿਚ ਬੋਰਵੈਲ ਵਿਚ ਫਸੇ 2 ਸਾਲ ਦੇ ਮਾਸੂਮ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਐਤਵਾਰ ਦੀ ਸਵੇਰ ਨੂੰ ਮਾਸੂਮ 70 ਫੁੱਟ ਡੂੰਘੇ ਬੋਰਵੈਲ 'ਚ ਡਿੱਗ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਅਤੇ ਰਾਹਤ ਟੀਮ ਨੇ ਬਚਾਅ ਮੁਹਿੰਮ ਸ਼ੁਰੂ ਕੀਤਾ, ਜਿਸ ਤੋਂ ਬਾਅਦ ਬੱਚੇ ਨੂੰ ਕਾਫੀ ਮੁਸ਼ੱਕਤ ਮਗਰੋਂ ਬਾਹਰ ਕੱਢ ਲਿਆ ਗਿਆ।
ਬੱਚੇ ਦੇ ਬਾਹਰ ਨਿਕਲਣ ਤੋਂ ਬਾਅਦ ਪਰਿਵਾਰ ਵਾਲੇ ਅਤੇ ਪਿੰਡ ਵਾਸੀ ਖੁਸ਼ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2 ਸਾਲ ਦਾ ਮਾਸੂਮ ਬੱਚਾ ਖੇਡਦੇ-ਖੇਡਦੇ ਅਚਾਨਕ ਬੋਰਵੈਲ ਵਿਚ ਜਾ ਡਿੱਗਿਆ। ਪਤਾ ਲੱਗਣ 'ਤੇ ਕਿ ਬੱਚਾ ਬੋਰਵੈਲ ਵਿਚ ਡਿੱਗ ਪਿਆ ਹੈ ਤਾਂ ਪਰਿਵਾਰ ਵਾਲਿਆਂ ਵਿਚ ਚੀਕ-ਚਿਹਾੜਾ ਪੈ ਗਿਆ। ਪਿੰਡ ਵਾਸੀਆਂ ਵਲੋਂ ਘਟਨਾ ਦੀ ਸੂਚਨਾ ਮਿਲਣ ਮਗਰੋਂ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬੱਚੇ ਨੂੰ ਬੋਰਵੈਲ 'ਚੋਂ ਬਾਹਰ ਕੱਢਣ ਲਈ ਮੁਹਿੰਮ ਚਲਾਈ ਗਈ।
ਜ਼ਿਲੇ ਦੇ ਅਧਿਕਾਰੀਆਂ ਨੇ ਬਚਾਅ ਕੰਮ ਵਿਚ ਲਗਾਤਾਰ ਆਪਣੀ ਨਿਗਰਾਨੀ ਰੱਖੀ। ਪਿੰਡ ਵਾਸੀ ਬੱਚੇ ਦੇ ਸੁਰੱਖਿਅਤ ਬਾਹਰ ਨਿਕਲਣ ਲਈ ਦੁਆਵਾਂ ਕਰਦੇ ਰਹੇ। ਆਖਰਕਾਰ ਬੱਚਾ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬਚਾਅ ਮੁਹਿੰਮ ਸਫਲ ਹੋਣ 'ਤੇ ਪਰਿਵਾਰ ਵਾਲਿਆਂ ਨੇ ਬਚਾਅ ਮੁਹਿੰਮ ਵਿਚ ਸ਼ਾਮਲ ਟੀਮ ਦਾ ਧੰਨਵਾਦ ਕੀਤਾ।