ਛੱਤੀਸਗੜ੍ਹ ''ਚ ਸੀ. ਆਰ. ਪੀ. ਐੱਫ. ਦੇ 12 ਹਜ਼ਾਰ ਨਵੇਂ ਜਵਾਨਾਂ ਦੀ ਹੋਵੇਗੀ ਤਾਇਨਾਤੀ
Tuesday, Apr 24, 2018 - 11:50 PM (IST)
ਨੈਸ਼ਨਲ ਡੈਸਕ- ਕੇਂਦਰੀ ਆਰਮਡ ਪੁਲਸ ਬਲ (ਸੀ. ਆਰ. ਪੀ. ਐੱਫ.) ਨੇ ਛੱਤੀਸ਼ਗੜ੍ਹ ਦੇ ਵਾਮਪੰਥੀ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਆਪਣੇ ਨਕਸਲੀ ਵਿਰੋਧੀ ਮੁਹਿੰਮ 'ਚ ਤੇਜ਼ੀ ਲਿਆਉਣ ਅਤੇ ਤਾਕਤ ਲਈ 12 ਹਜ਼ਾਰ ਜ਼ਿਆਦਾ ਉਮਰ ਵਾਲੇ ਫੌਜੀਆਂ ਨੂੰ ਹਟਾ ਕੇ ਨਵੇਂ ਭਰਤੀ ਹੋਏ ਜਵਾਨਾਂ ਦੀ ਤਾਇਨਾਤੀ ਕਰਨ ਦਾ ਫੈਸਲਾ ਕੀਤਾ ਹੈ।
ਦੇਸ਼ 'ਚ ਐੱਲ. ਡਬਲਯੂ. ਈ. ਖਿਲਾਫ ਲੜਾਈ 'ਚ ਅਹਿਮ ਤਾਕਤ ਦੇ ਰੂਪ 'ਚ ਸੀ. ਆਰ. ਪੀ. ਐੱਫ. ਨੇ ਹਾਲ 'ਚ 20 ਹਜ਼ਾਰ ਨਵੇਂ ਜਵਾਨਾਂ ਦੀ ਭਰਤੀ ਕੀਤੀ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਹੁਣ ਇਨ੍ਹਾਂ ਜਵਾਨਾਂ ਨੂੰ ਖਤਰਨਾਕ ਮੁਹਿੰਮਾਂ 'ਚ ਤਾਇਨਾਤ ਕਰਨ ਦੀ ਯੋਜਨਾ ਹੈ। ਜਿਸ 'ਚ ਜਵਾਨਾਂ ਨੂੰ ਮੁਸ਼ਕਿਲ ਕੁਦਰਤੀ ਹਾਲਾਤਾਂ 'ਚ ਜੰਗਲਾਂ 'ਚ ਕਈ-ਕਈ ਦਿਨ ਗੁਜ਼ਾਰਨੇ ਪੈਂਦੇ ਹਨ।
ਸੂਤਰਾਂ ਨੇ ਦੱਸਿਆ ਕਿ 18 ਤੋਂ 21 ਸਾਲ ਦੀ ਉਮਰ ਦੇ ਕਰੀਬ 12 ਹਜ਼ਾਰ ਨਵੇਂ ਜਵਾਨਾਂ ਨੂੰ ਛੱਤੀਸਗੜ੍ਹ 'ਚ ਜਲਦ ਹੀ 45 ਤੋਂ 50 ਸਾਲ ਦੀ ਉਮਰ ਦੇ ਪੁਰਾਣੇ ਸਹਿਯੋਗੀਆਂ ਦੀ ਜਗ੍ਹਾ ਤਾਇਨਾਤ ਕੀਤਾ ਜਾਵੇਗਾ।