ਚੰਦਰਮਾ ਤੋਂ ਕੁਝ ਕਦਮ ਦੂਰ ਚੰਦਰਯਾਨ-2, ਡੀ-ਆਰਬਿਟਰ ਦੀ ਦੂਜੀ ਪ੍ਰਕਿਰਿਆ ਪੂਰੀ

Wednesday, Sep 04, 2019 - 10:35 AM (IST)

ਚੰਦਰਮਾ ਤੋਂ ਕੁਝ ਕਦਮ ਦੂਰ ਚੰਦਰਯਾਨ-2, ਡੀ-ਆਰਬਿਟਰ ਦੀ ਦੂਜੀ ਪ੍ਰਕਿਰਿਆ ਪੂਰੀ

ਬੈਂਗਲੁਰੂ (ਵਾਰਤਾ)— ਚੰਦਰਯਾਨ-2 ਦੇ ਵਿਕਰਮ ਲੈਂਡਰ ਦੇ ਸਫਲਤਾਪੂਰਵਕ ਆਰਬਿਟਰ ਤੋਂ ਵੱਖ ਹੋਣ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ ਚੰਦਰਯਾਨ-2 ਦੀ ਦੂਜੀ ਡੀ-ਆਰਬਿਟਿੰਗ ਪ੍ਰਕਿਰਿਆ ਪੂਰੀ ਹੋਈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਟਵੀਟ ਕੀਤਾ ਕਿ ਚੰਦਰਯਾਨ-2 ਦੀ ਦੂਜੀ ਡੀ-ਆਰਬਿਟਿੰਗ ਦੀ ਪ੍ਰਕਿਰਿਆ ਅੱਜ ਤੜਕੇ 3:42 ਵਜੇ ਸਫਲਤਾਪੂਰਵਕ ਪੂਰੀ ਹੋਈ। 

PunjabKesari
ਡੀ-ਆਰਬਿਟਿੰਗ ਦਾ ਮਤਲਬ ਹੁੰਦਾ ਹੈ ਇਕ ਪੰਧ ਤੋਂ ਦੂਜੀ ਪੰਧ 'ਚ ਜਾਣਾ ਅਤੇ ਚੰਦਰਯਾਨ ਦੀ ਪਹਿਲੀ ਡੀ-ਆਰਬਿਟਿੰਗ ਦੀ ਪ੍ਰਕਿਰਿਆ ਮੰਗਲਵਾਰ ਸਵੇਰੇ ਸਫਲਤਾਪੂਰਵਕ ਪੂਰੀ ਹੋਈ ਸੀ। ਚੰਦਰਯਾਨ-2 ਦੂਜੀ ਡੀ-ਆਰਬਿਟਿੰਗ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰੂਵ ਤਕ ਪਹੁੰਚਣ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸ ਪੂਰੀ ਪ੍ਰਕਿਰਿਆ 'ਚ 9 ਸੈਕਿੰਡ ਦਾ ਸਮਾਂ ਲੱਗਾ ਅਤੇ ਇਸ ਤੋਂ ਬਾਅਦ ਵਿਕਰਮ ਲੈਂਡਰ ਤੇਜ਼ੀ ਨਾਲ ਚੰਦਰਮਾ ਦੇ ਦੱਖਣੀ ਧਰੂਵ ਵੱਲ ਵਧ ਰਿਹਾ ਹੈ। ਚੰਦਰਯਾਨ-2 ਦੇ ਆਰਬਿਟਰ ਅਤੇ ਲੈਂਡਰ ਦੋਵੇਂ ਸਹੀ ਤਰ੍ਹਾਂ ਨਾਲ ਅਤੇ ਸਹੀ ਦਿਸ਼ਾ ਵਿਚ ਕੰਮ ਕਰ ਰਹੇ ਹਨ। 

Image
ਭਾਰਤੀ ਦੇ ਰਾਸ਼ਟਰੀ ਝੰਡੇ ਨੂੰ ਲੈ ਕੇ ਜਾ ਰਿਹਾ ਚੰਦਰਯਾਨ-2 7 ਸਤੰਬਰ ਨੂੰ ਚੰਦਰਮਾ ਦੇ ਦੱਖਣੀ ਧਰੂਵ ਖੇਤਰ ਵਿਚ ਸਾਫਟ ਲੈਂਡਿੰਗ ਕਰੇਗਾ ਅਤੇ ਉਸ ਦੌਰਾਨ ਪ੍ਰਗਿਆਨ ਨਾਂ ਦਾ ਰੋਵਰ ਲੈਂਡਰ ਤੋਂ ਵੱਖ ਹੋ ਕੇ 50 ਮੀਟਰ ਦੀ ਦੂਰੀ ਤਕ ਚੰਦਰਮਾ ਦੀ ਸਤ੍ਹਾ 'ਤੇ ਘੁੰਮ ਕੇ ਤਸਵੀਰਾਂ ਲਵੇਗਾ। ਇਸ ਮਿਸ਼ਨ 'ਚ ਚੰਦਰਯਾਨ-2 ਦੇ ਨਾਲ ਕੁੱਲ 13 ਵਿਗਿਆਨਕ ਯੰਤਰ ਭੇਜੇ ਗਏ ਹਨ। ਇਨ੍ਹਾਂ 'ਚ ਤਰ੍ਹਾਂ-ਤਰ੍ਹਾਂ ਦਾ ਕੈਮਰਾ, ਸਪੈਕਟ੍ਰੋਮੀਟਰ, ਰਾਡਾਰ, ਪ੍ਰੋਬ ਅਤੇ ਸਿਸਮੋਮੀਟਰ ਸ਼ਾਮਲ ਹੈ। 

Image result for chandrayaan 2
ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਇਕ ਪੈਸਿਵ ਪੇਲੋਡ ਵੀ ਇਸ ਮਿਸ਼ਨ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਧਰਤੀ ਅਤੇ ਚੰਦਰਮਾ ਵਿਚਾਲੇ ਸਟੀਕ ਦੂਰੀ ਦਾ ਪਤਾ ਲਾਉਣਾ ਹੈ। ਇਸਰੋ ਨੇ ਕਿਹਾ ਕਿ ਇਸ ਮੁਹਿੰਮ ਜ਼ਰੀਏ ਸਾਨੂੰ ਚੰਦਰਮਾ ਬਾਰੇ ਹੋਰ ਵਧ ਜਾਣਕਾਰੀ ਮਿਲ ਸਕੇਗੀ। ਉੱਥੇ ਮੌਜੂਦ ਖਣਿਜਾਂ ਬਾਰੇ ਵੀ ਇਸ ਮਿਸ਼ਨ ਤੋਂ ਪਤਾ ਲੱਗਣ ਦੀ ਉਮੀਦ ਹੈ। ਚੰਦਰਮਾ 'ਤੇ ਪਾਣੀ ਦੀ ਉਪਲੱਬਧਤਾ ਅਤੇ ਉਸ ਦੀ ਰਸਾਇਣਕ ਸੰਰਚਨਾ ਬਾਰੇ ਵੀ ਪਤਾ ਚੱਲ ਸਕੇਗਾ। ਇਸ ਮੁਹਿੰਮ 'ਤੇ ਲੱਗਭਗ 1000 ਕਰੋੜ ਰੁਪਏ ਖਰਚ ਹੋਏ ਹਨ। ਜੇਕਰ ਇਹ ਮੁਹਿੰਮ ਸਫਲ ਰਹਿੰਦੀ ਹੈ ਤਾਂ ਭਾਰਤ, ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਚੰਦਰਮਾ ਦੀ ਸਤ੍ਹਾ 'ਤੇ ਰੋਵਰ ਉਤਾਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।


author

Tanu

Content Editor

Related News