ਚਮਕੀ ਬੁਖਾਰ ''ਤੇ SC ਸਖਤ, ਕੇਂਦਰ-ਬਿਹਾਰ ਸਰਕਾਰ ਤੋਂ 7 ਦਿਨਾਂ ਅੰਦਰ ਮੰਗਿਆ ਜਵਾਬ
Monday, Jun 24, 2019 - 11:46 AM (IST)

ਨਵੀਂ ਦਿੱਲੀ— ਬਿਹਾਰ 'ਚ ਚਮਕੀ ਬੁਖਾਰ (ਐਕਿਊਟ ਇਨਸੇਫਲਾਈਟਿਸ ਸਿੰਡਰੋਮ) ਨਾਲ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ ਹੈ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਬੱਚਿਆਂ ਦੀ ਮੌਤ 'ਤੇ ਜਵਾਬ ਮੰਗਿਆ ਹੈ। ਕੋਰਟ ਨੇ ਬੁਖਾਰ ਦੀ ਰੋਕਥਾਮ ਲਈ ਉਪਾਅ ਅਤੇ ਸੰਬੰਧਤ ਪ੍ਰੋਗਰਾਮਾਂ ਬਾਰੇ ਰਾਜ ਸਰਕਾਰ ਨੂੰ 7 ਦਿਨਾਂ ਦੇ ਅੰਦਰ ਹਲਫਨਾਮਾ ਦਾਇਰ ਕਰ ਕੇ ਜਵਾਬ ਦੇਣ ਦਾ ਵੀ ਨਿਰਦੇਸ਼ ਦਿੱਤਾ।
7 ਦਿਨਾਂ ਅੰਦਰ ਮੰਗਿਆ ਜਵਾਬ
ਸੁਪਰੀਮ ਕੋਰਟ ਨੇ ਬਿਹਾਰ, ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ 7 ਦਿਨਾਂ ਦੀ ਸਮੇਂ-ਹੱਦ 'ਚ ਆਪਣਾ ਜਵਾਬ ਹਲਫਨਾਮਾ ਦਾਇਰ ਕਰ ਕੇ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਕੋਰਟ ਨੇ ਰਾਜਾਂ ਅਤੇ ਕੇਂਦਰ ਸਰਕਾਰ ਨੂੰ ਚਮਕੀ ਬੁਖਾਰ ਨਾਲ ਪੀੜਤ ਬੱਚਿਆਂ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ, ਹਸਪਤਾਲਾਂ ਦੀ ਵਿਵਸਥਾ, ਪੋਸ਼ਣ ਅਤੇ ਸਾਫ਼-ਸਫ਼ਾਈ 'ਤੇ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।
ਸਰਕਾਰ ਨੂੰ ਬੱਚਿਆਂ ਦੀ ਮੌਤ ਬਾਰੇ ਜਵਾਬ ਦੇਣਾ ਹੀ ਪਵੇਗਾ
ਕੋਰਟ ਨੇ ਬੱਚਿਆਂ ਦੀ ਮੌਤ ਨੂੰ ਗੰਭੀਰ ਮਾਮਲਾ ਮੰਨਦੇ ਹੋਏ ਸਖਤ ਟਿੱਪਣੀ ਕੀਤੀ। ਕੋਰਟ ਨੇ ਕਿਹਾ,''ਬੱਚਿਆਂ ਦੀ ਮੌਤ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਨਹੀਂ ਰਹਿਣ ਦਿੱਤਾ ਜਾ ਸਕਦਾ। ਸਰਕਾਰਾਂ ਨੂੰ ਇਸ ਬਾਰੇ ਸਾਨੂੰ ਜਵਾਬ ਦੇਣਾ ਹੀ ਹੋਵੇਗਾ। ਬੀਮਾਰੀ ਦੀ ਰੋਕਥਾਮ ਲਈ ਕੀ ਕੋਸ਼ਿਸ਼ਾਂ ਹੋਈਆਂ ਅਤੇ ਕਿਹੜੇ ਸੁਰੱਖਿਆ ਕਦਮ ਚੁੱਕੇ ਗਏ ਹਨ, ਇਹ ਹਲਫ਼ਨਾਮਾ ਦਾਇਰ ਕਰ ਕੇ ਸਾਨੂੰ ਕੇਂਦਰ, ਬਿਹਾਰ ਅਤੇ ਰਾਜ ਸਰਕਾਰ ਦੱਸਣ।'' ਕੋਰਟ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਬੁਖਾਰ ਦੀ ਰੋਕਥਾਮ ਲਈ ਦਵਾਈਆਂ ਦੀ ਉਪਲੱਬਧਤਾ 'ਤੇ ਵੀ ਆਪਣਾ ਜਵਾਬ ਦਾਖਲ ਕਰੇ।
130 ਬੱਚਿਆਂ ਦੀ ਹੋ ਚੁਕੀ ਹੈ ਮੌਤ
ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਜ਼ਫਰਪੁਰ 'ਚ ਹੁਣ ਤੱਕ ਚਮਕੀ ਬੁਖਾਰ ਨਾਲ 130 ਤੋਂ ਵਧ ਬੱਚਿਆਂ ਦੀ ਮੌਤ ਹੋ ਚੁਕੀ ਹੈ। ਜ਼ਿਆਦਾਤਰ ਬੱਚੇ ਬੇਹੱਦ ਗਰੀਬ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਬੱਚਿਆਂ ਦੀ ਮੌਤ ਦਾ ਕਾਰਨ ਬਿਹਾਰ 'ਚ ਨਿਤੀਸ਼ ਸਰਕਾਰ 'ਤੇ ਵਿਰੋਧੀ ਦਲ ਨਿਸ਼ਾਨਾ ਸਾਧ ਰਹੇ ਹਨ। ਬਿਹਾਰ ਸਰਕਾਰ ਦਾ ਕਹਿਣਾ ਹੈ ਕਿ ਇਸ ਲਈ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਹਨ।