ਅਮਰਨਾਥ ਯਾਤਰਾ : ਮਾਂ ਸ਼ਾਰਿਕਾ ਭਵਾਨੀ ਮੰਦਰ ’ਚ ਪਵਿੱਤਰ ਛੜੀ ਮੁਬਾਰਕ ਦੀ ਕੀਤੀ ਗਈ ਪੂਜਾ
Saturday, Jul 30, 2022 - 01:16 PM (IST)

ਜੰਮੂ (ਕਮਲ)– ਸਾਲਾਨਾ ਸਵਾਮੀ ਅਮਰਨਾਥ ਯਾਤਰਾ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ’ਚ ਸ਼ਰਵਣ ਸ਼ੁਕਲ ਪੱਖ ਪ੍ਰਤੀਪਦਾ ਦੇ ਮੌਕੇ ’ਤੇ ਪਵਿੱਤਰ ਛੜੀ ਮੁਬਾਰਕ ਨੂੰ ਪ੍ਰਾਚੀਨ ਸ਼ਾਰਿਕਾ ਭਵਾਨੀ ਮੰਦਰ, ਹਰੀ ਪਰਬਤ, ਸ਼੍ਰੀਨਗਰ ਵਿਖੇ ਲਿਜਾਇਆ ਗਿਆ |
ਮਾਂ ਸ਼ਾਰਿਕਾ ਭਵਾਨੀ ਮੰਦਰ ’ਚ ਪਵਿੱਤਰ ਛੜੀ ਮੁਬਾਰਕ ਦੀ ਪੂਜਾ ਕੀਤੀ ਗਈ ਅਤੇ ਮਾਤਾ ਦਾ ਆਸ਼ੀਰਵਾਦ ਲਿਆ ਗਿਆ। ਸਦੀਆਂ ਪੁਰਾਣੀਆਂ ਪਰੰਪਰਾਵਾਂ ਅਨੁਸਾਰ ਧਾਰਮਿਕ ਰਸਮਾਂ ’ਚ ਵੱਡੀ ਗਿਣਤੀ ’ਚ ਸਾਧੂਆਂ ਅਤੇ ਸ਼ਰਧਾਲੂਆਂ ਨੇ ਭਾਗ ਲਿਆ। ਪਵਿੱਤਰ ਛੜੀ ਮੁਬਾਰਕ ਹੁਣ ਸ਼ਰਵਣ ਪੂਰਨਮਾ ਯਾਨੀ ਰੱਖੜੀ ਵਾਲੇ ਦਿਨ ਬਾਬਾ ਬਰਫਾਨੀ ਦੀ ਗੁਫਾ ’ਚ ਪਹੁੰਚੇਗੀ। ਇਸ ਦਿਨ ਸ਼੍ਰੀ ਅਮਰਨਾਥ ਯਾਤਰਾ ਦੇ ਤਹਿਤ ਹਿਮ ਸ਼ਿਵਲਿੰਗ ਦੇ ਅੰਤਿਮ ਦਰਸ਼ਨ ਕੀਤੇ ਜਾਣਗੇ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ’ਚ ਪਵਿੱਤਰ ਛੜੀ ਨੂੰ ਸਵੇਰੇ 6 ਵਜੇ ਪੂਜਾ ਲਈ ਸ਼੍ਰੀਨਗਰ ਦੇ ਸ਼ਾਰਿਕਾ ਪੀਠ ਮੰਦਰ ’ਚ ਲਿਜਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਸਾਧੂ ਅਤੇ ਸੈਲਾਨੀ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਤ੍ਰਿਪੁਰ ਸੁੰਦਰੀ ਦੇ ਰੂਪ ’ਚ ਪ੍ਰਸਿੱਧ ਦੇਵੀ ਮਾਂ ਸ਼ਾਰਿਕਾ ਭਵਾਨੀ ਨੂੰ ਸ਼੍ਰੀਨਗਰ ਸ਼ਹਿਰ ਦੀ ਇਸ਼ਟ ਦੇਵੀ ਮੰਨਿਆ ਜਾਂਦਾ ਹੈ, ਜਿਸ ਨੇ ਆਪਣੇ-ਆਪ ਨੂੰ ਹਰੀ ਪਰਬਤ ’ਚ ਸ਼ਿਲਾ (ਪਵਿੱਤਰ ਚੱਟਾਨ) ਦੇ ਇਕ ਚਿੱਤਰ ’ਚ ਖੁਦ ਨੂੰ ਪ੍ਰਗਟ ਕੀਤਾ ਸੀ। ਮਾਂ ਸ਼ਾਰਿਕਾ ਭਵਾਨੀ ਮੰਦਰ ’ਚ ਛੜੀ ਦੀ ਪੂਜਾ ਕਰਨ ਤੋਂ ਬਾਅਦ ਹੁਣ ਛੜੀ ਮੁਬਾਰਕ ਦੀ ਸਥਾਪਨਾ 31 ਜੁਲਾਈ ਦਿਨ ਐਤਵਾਰ ਨੂੰ ਸ਼੍ਰੀ ਅਮਰੇਸ਼ਵਰ ਮੰਦਰ ਅਖਾੜਾ ਭਵਨ, ਬਾਦਸ਼ਾਹ ਚੌਕ, ਸ਼੍ਰੀਨਗਰ ਵਿਖੇ ਕੀਤੀ ਜਾਏਗੀ ਅਤੇ ਰਵਾਇਤੀ ਛੜੀ ਦੀ ਪੂਜਾ ਮੰਗਲਵਾਰ ਨੂੰ ਆਉਣ ਵਾਲੀ ਨਾਗ ਪੰਚਮੀ ਦੇ ਮੌਕੇ ’ਤੇ ਕੀਤੀ ਜਾਵੇਗੀ।
ਪਹਿਲਗਾਮ ’ਚ ਇਕ ਦਿਨ ਠਹਿਰਨ ਤੋਂ ਬਾਅਦ 7 ਅਗਸਤ ਨੂੰ ਚੰਦਨਬਾੜੀ ਲਿਜਾਇਆ ਜਾਵੇਗਾ ਅਤੇ ਅਗਲੇ ਦਿਨ ਸ਼ੇਸ਼ਨਾਗ ਲਈ ਭੇਜਿਆ ਜਾਵੇਗਾ। 9 ਅਗਸਤ ਨੂੰ ਸਾਧੂਆਂ ਦਾ ਜਥਾ ਛੜੀ ਲੈ ਕੇ ਪੰਚਤਰਨੀ ਜਾਵੇਗਾ। ਇਸ ਤੋਂ ਬਾਅਦ ਅਮਰਨਾਥ ਜੀ ਦੇ ਪਵਿੱਤਰ ਤੀਰਥ ਅਸਥਾਨ ਮੁੱਖ ਯਾਤਰਾ ਲਈ ਰਵਾਨਾ ਕੀਤੀ ਜਾਵੇਗੀ। ਇਸ ਸਾਲ 12 ਅਗਸਤ ਨੂੰ ਸਾਉਣ ਦੀ ਪੂਰਨਮਾਸੀ ਦੇ ਸ਼ੁੱਭ ਮੌਕੇ ’ਤੇ ਰਵਾਇਤੀ ਪੂਜਾ ਅਤੇ ਰਸਮਾਂ ਕੀਤੀਆਂ ਜਾਣਗੀਆਂ। 12 ਅਗਸਤ ਨੂੰ ਲਿੱਧੜ ਨਦੀ ਦੇ ਕੰਢੇ ਪੂਜਾ ਹੋਵੇਗੀ। ਇਸ ਨਾਲ ਸ਼੍ਰੀ ਅਮਰਨਾਥ ਯਾਤਰਾ ਸਮਾਪਤ ਹੋ ਜਾਵੇਗੀ।