ਫਿਲਹਾਲ ਨਹੀਂ ਹਟਾਈਆਂ ਜਾਣਗੀਆਂ ਦਿੱਲੀ ''ਚ ਰੇਲਵੇ ਲਾਈਨ ਦੇ ਕਿਨਾਰੇ ਬਣੀਆਂ 48 ਹਜ਼ਾਰ ਝੁੱਗੀਆਂ

9/14/2020 6:21:38 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ 'ਚ ਰੇਲਵੇ ਲਾਈਨ ਦੇ ਕਿਨਾਰੇ ਦੀਆਂ 48 ਹਜ਼ਾਰ ਝੁੱਗੀਆਂ ਨੂੰ ਫਿਲਹਾਲ ਨਹੀਂ ਹਟਾਇਆ ਜਾਵੇਗਾ। ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਚੀਫ ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੂੰ ਕਿਹਾ ਕਿ ਦਿੱਲੀ 'ਚ ਰੇਲਵੇ ਲਾਈਨ ਦੇ ਕਿਨਾਰੇ ਵਸੀਆਂ 48 ਹਜ਼ਾਰ ਝੁੱਗੀਆਂ ਨੂੰ ਹਾਲੇ ਨਹੀਂ ਹਟਾਇਆ ਜਾ ਰਿਹਾ ਹੈ। ਸ਼੍ਰੀ ਮੇਹਤਾ ਨੇ ਕੋਰਟ ਨੂੰ ਕਿਹਾ ਕਿ ਇਸ ਮਾਮਲੇ 'ਚ ਰੇਲਵੇ, ਸ਼ਹਿਰੀ ਵਿਕਾਸ ਵਿਭਾਗ ਅਤੇ ਦਿੱਲੀ ਸਰਕਾਰ ਇਕੱਠੇ ਮਿਲ ਕੇ ਚਾਰ ਹਫ਼ਤਿਆਂ 'ਚ ਕੋਈ ਉਪਾਅ ਕੱਢਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਉਦੋਂ ਤੱਕ ਝੁੱਗੀਆਂ ਨੂੰ ਹਟਾਇਆ ਨਹੀਂ ਜਾਵੇਗਾ।

ਦੱਸਣਯੋਗ ਹੈ ਕਿ ਦਿੱਲੀ 'ਚ ਕਰੀਬ 140 ਕਿਲੋਮੀਟਰ ਲੰਬੀ ਰੇਲਵੇ ਲਾਈਨ ਹੈ, ਜਿਸ ਦੇ ਕਿਨਾਰੇ ਲੋਕਾਂ ਨੇ ਆਪਣੇ ਘਰ ਬਣਆ ਰੱਖੇ ਹਨ। ਸੁਪਰੀਮ ਕੋਰਟ ਨੇ ਹਾਲ ਹੀ 'ਚ ਗੈਰ-ਕਾਨੂੰਨੀ ਰੂਪ ਨਾਲ ਬਣਾਈਆਂ ਗਈਆਂ ਕਰੀਬ 48 ਹਜ਼ਾਰ ਝੁੱਗੀਆਂ ਨੂੰ ਹਟਾਏ ਜਾਣ ਦਾ ਆਦੇਸ਼ ਦਿੱਤਾ ਸੀ। ਸਾਲਿਸੀਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਸਰਕਾਰ ਇਸ ਮਾਮਲੇ 'ਚ ਕੋਈ ਆਖਰੀ ਫੈਸਲਾ ਨਹੀਂ ਲੈ ਲੈਂਦੀ, ਉਦੋਂ ਤੱਕ ਇਨ੍ਹਾਂ ਝੁੱਗੀਆਂ ਨੂੰ ਨਹੀਂ ਹਟਾਇਆ ਜਾਵੇਗਾ। ਸੁਪਰੀਮ ਕੋਰਟ ਦੇ ਜੱਜ (ਸੇਵਾਮੁਕਤ) ਅਰੁਣ ਮਿਸ਼ਰਾ ਨੇ ਰੇਲਵੇ ਲਾਈਨ ਦੇ ਕਿਨਾਰੇ ਬਣੀਆਂ ਇਨ੍ਹਾਂ ਗੈਰ-ਕਾਨੂੰਨੀ ਝੁੱਗੀਆਂ ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ।


DIsha

Content Editor DIsha