ਸਾਲ ’ਚ ਬੋਰਡ ਦੀਆਂ ਪ੍ਰੀਖਿਆਵਾਂ 2 ਵਾਰ ਕਿਵੇਂ ਲਈਆਂ ਜਾਣ, CBSE 3 ਬਦਲਾਂ ’ਤੇ ਕਰ ਰਿਹਾ ਹੈ ਵਿਚਾਰ
Thursday, Jul 18, 2024 - 05:22 PM (IST)
ਨਵੀਂ ਦਿੱਲੀ, (ਭਾਸ਼ਾ)- ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ. ) ਨਵੇਂ ਰਾਸ਼ਟਰੀ ਸਲੇਬਸ ਫਰੇਮਵਰਕ ਅਧੀਨ ਸਾਲ ’ਚ 2 ਵਾਰ ਪ੍ਰੀਖਿਆਵਾਂ ਕਰਵਾਉਣ ਨੂੰ ਲੈ ਕੇ ਦੁਚਿੱਤੀ ’ਚ ਹੈ ਅਤੇ ਇਸ ਸਬੰਧੀ 3 ਬਦਲਾਂ ’ਤੇ ਵਿਚਾਰ ਕਰ ਰਿਹਾ ਹੈ।
ਸੀ. ਬੀ. ਐੱਸ. ਈ. ਦੋ-ਸਾਲਾ ਪ੍ਰੀਖਿਆਵਾਂ ਸਮੇਤ ਸਮੈਸਟਰ ਪ੍ਰਣਾਲੀ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਸਮੇ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਫਰਵਰੀ-ਮਾਰਚ ’ਚ ਹੁੰਦੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਵਿਚਾਰ-ਵਟਾਂਦਰਾ ਜਾਰੀ ਹੈ । ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਸਾਲ ’ਚ 2 ਵਾਰ ਬੋਰਡ ਦੀਆਂ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਕਦੋਂ ਅਤੇ ਕਿਸ ਫਾਰਮੈਟ ’ਚ ਲਾਗੂ ਕੀਤੀ ਜਾਵੇਗੀ।
ਇਕ ਅਧਿਕਾਰੀ ਨੇ ਕਿਹਾ ਕਿ ਤਿੰਨ ਸੰਭਾਵੀ ਬਦਲਾਂ ’ਤੇ ਚਰਚਾ ਕੀਤੀ ਗਈ ਹੈ। ਇਨ੍ਹਾਂ ’ਚੋਂ ਇਕ ਸਮੈਸਟਰ ਪ੍ਰਣਾਲੀ ’ਚ ਪ੍ਰੀਖਿਆਵਾਂ ਕਰਵਾਉਣਾ ਹੈ। ਇਸ ’ਚ ਬੋਰਡ ਦੀ ਪਹਿਲੀ ਪ੍ਰੀਖਿਆ ਜਨਵਰੀ-ਫਰਵਰੀ ’ਚ ਅਤੇ ਦੂਜੀ ਮਾਰਚ-ਅਪ੍ਰੈਲ ’ਚ ਹੋਣੀ ਹੈ। ਬੋਰਡ ਦੀਆਂ ਪ੍ਰੀਖਿਆਵਾਂ ਦਾ ਦੂਜਾ ਪੜਾਅ ਜੂਨ ’ਚ ਕੰਪਾਰਟਮੈਂਟ ਜਾਂ ਸੁਧਾਰ ਪ੍ਰੀਖਿਆਵਾਂ ਸਮੇਤ ਲਿਆ ਜਾਣਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਸਾਡਾ ਅਕਾਦਮਿਕ ਕੈਲੰਡਰ ਹੈ, ਨਾਲ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਸਮਾਂ-ਸਾਰਣੀ ਹੈ, ਭੁਗੌਲਿਕ ਸਥਿਤੀ ਹੈ ਅਤੇ ਸੀ. ਬੀ.ਐੱਸ. ਈ. ਦੇ ਸਕੂਲ ਵਿਦੇਸ਼ਾਂ ’ਚ ਵੀ ਹਨ, ਇੱਥੇ ਸਮੈਸਟਰ ਪ੍ਰਣਾਲੀ ਨੂੰ ਲਾਗੂ ਕਰਨਾ ਵਧੇਰੇ ਅਮਲੀ ਨਹੀਂ ਲਗਦਾ।