ਜਾਤ ਪਰਮਾਤਮਾ ਨੇ ਨਹੀਂ, ਪੰਡਿਤਾਂ ਨੇ ਬਣਾਈ : ਮੋਹਨ ਭਾਗਵਤ
Monday, Feb 06, 2023 - 10:50 AM (IST)
ਮੁੰਬਈ- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਜਾਤ ਪਰਮਾਤਮਾ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ। ਰੱਬ ਲਈ ਅਸੀਂ ਸਾਰੇ ਇਕ ਹਾਂ। ਸਾਡੇ ਸਮਾਜ ਵਿਚ ਵੰਡੀਆਂ ਪਾ ਕੇ ਪਹਿਲਾਂ ਦੇਸ਼ ’ਤੇ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਫਾਇਦਾ ਉਠਾਇਆ। ਆਰ.ਐੱਸ.ਐੱਸ. ਮੁਖੀ ਮੁੰਬਈ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਬੋਲ ਰਹੇ ਸਨ। ਭਾਗਵਤ ਨੇ ਕਿਹਾ ਕਿ ਸਾਡੇ ਸਮਾਜ ਨੂੰ ਵੰਡ ਕੇ ਲੋਕਾਂ ਨੇ ਹਮੇਸ਼ਾ ਫਾਇਦਾ ਉਠਾਇਆ ਹੈ। ਇਸ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਜਦੋਂ ਸਮਾਜ ਵਿੱਚ ਆਪਸੀ ਸਾਂਝ ਖ਼ਤਮ ਹੋ ਜਾਂਦੀ ਹੈ ਤਾਂ ਸੁਆਰਥ ਆਪਣੇ ਆਪ ਹੀ ਵੱਡਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਬਾਥਰੂਮ 'ਚ ਨਹਾ ਰਹੇ ਸਕੇ ਭਰਾਵਾਂ ਨਾਲ ਵਾਪਰੀ ਅਣਹੋਣੀ, ਮਾਸੂਮਾਂ ਨੇ ਤੜਫ਼-ਤੜਫ਼ ਕੇ ਤੋੜਿਆ ਦਮ
ਆਰ. ਐੱਸ. ਐੱਸ. ਮੁਖੀ ਨੇ ਸਵਾਲ ਕੀਤਾ ਕਿ ਕੀ ਦੇਸ਼ ਵਿਚ ਹਿੰਦੂ ਸਮਾਜ ਤਬਾਹ ਹੋਣ ਦਾ ਡਰ ਦੇਖ ਰਿਹਾ ਹੈ? ਇਹ ਤੁਹਾਨੂੰ ਕੋਈ ਬ੍ਰਾਹਮਣ ਨਹੀਂ ਦੱਸ ਸਕਦਾ, ਤੁਹਾਨੂੰ ਆਪ ਹੀ ਸਮਝਣਾ ਪਵੇਗਾ। ਸਾਡੀ ਰੋਜ਼ੀ-ਰੋਟੀ ਦਾ ਮਤਲਬ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਹੈ। ਹਰ ਕੰਮ ਸਮਾਜ ਲਈ ਹੁੰਦਾ ਹੈ। ਫਿਰ ਕੋਈ ਉੱਚਾ, ਨੀਵਾਂ ਜਾਂ ਵੱਖਰਾ ਕਿਵੇਂ ਹੋ ਗਿਆ? ਭਾਗਵਤ ਨੇ ਪਾਣੀ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਸਾਹਾਰੀ ਪ੍ਰਾਸੈਸਿੰਗ ਵਿਚ ਜ਼ਿਆਦਾ ਪਾਣੀ ਖਰਚ ਹੁੰਦਾ ਹੈ। ਜੇ ਕੋਈ ਮਾਸਾਹਾਰੀ ਨਾ ਹੋਵੇ ਤਾਂ ਬੁੱਚੜਖਾਨੇ ਆਪਣੇ ਆਪ ਬੰਦ ਹੋ ਜਾਣਗੇ। ਇਸ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ। ਹਾਲਾਂਕਿ ਇਸ ਵਿਚ ਕਿਸੇ ਦਾ ਕਸੂਰ ਨਹੀਂ ਪਰ ਤੁਹਾਨੂੰ ਇਸ ਤੋਂ ਆਪਣੇ ਆਪ ਨੂੰ ਦੂਰ ਕਰਨਾ ਪਵੇਗਾ। ਭਾਵ ਇਹ ਕਿ ਜਿਨ੍ਹਾਂ ਕੋਲ ਇੰਡਸਟਰੀ ਹੈ, ਉਹ ਅੰਤ ਵਿਚ ਤਾਂ ਸਹਿਮਤ ਹੋਣਗੇ। ਜੇ ਮੇਰੇ ਕੋਲ ਮੀਟ ਉਤਪਾਦਕ ਉਦਯੋਗ ਹੈ ਤਾਂ ਮੈਂ ਇਸ ਨੂੰ ਉਦੋਂ ਹੀ ਸਵੀਕਾਰ ਕਰਾਂਗਾ ਜਦੋਂ ਤਿਆਰ ਮੀਟ ਦੀ ਖਪਤ ਨਹੀਂ ਹੋਵੇਗੀ। ਇਹ ਉਦੋਂ ਹੋਵੇਗਾ ਜਦੋਂ ਕੋਈ ਮਾਸ ਨਹੀਂ ਖਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ