ਆਸ਼ਰਮ ''ਚ ਗੋਲ਼ੀਆਂ ਨਾਲ ਭੁੰਨ''ਤੇ 2 ਸਾਧੂ, BJP ਵਿਧਾਇਕ ਨੇ ਸੰਸਦ ''ਚ ਚੁੱਕਿਆ ਮੁੱਦਾ
Friday, Mar 07, 2025 - 05:25 PM (IST)

ਨੈਸ਼ਨਲ ਡੈਸਕ (ਪੀ.ਟੀ.ਆਈ.)- ਝਾਰਖੰਡ 'ਚ ਬੁੱਧਵਾਰ ਦੀ ਰਾਤ ਨੂੰ ਕੁਝ ਹਮਲਾਵਰਾਂ ਨੇ ਰਾਂਚੀ ਦੇ ਚਾਨਹੋ ਬਲਾਕ ਸਥਿਤ ਆਨੰਦ ਮਾਰਗ ਆਸ਼ਰਮ 'ਚ ਮੁਕੇਸ਼ ਸ਼ਾਹ ਤੇ ਰਾਜੇਂਦਰ ਯਾਦਵ ਨਾਂ ਦੇ ਸਾਧੂਆਂ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹਟੀਆ ਤੋਂ ਭਾਜਪਾ ਵਿਧਾਇਕ ਨਵੀਨ ਜੈਸਵਾਲ ਨੇ ਵਿਧਾਨ ਸਭਾ 'ਚ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਝਾਰਖੰਡ 'ਚ ਸਾਧੂ ਵੀ ਸੁਰੱਖਿਅਤ ਨਹੀਂ ਹਨ। ਇਸ ਮਗਰੋਂ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜੈਸਵਾਲ ਨੇ ਕਿਹਾ, “ਇਹ ਸਿਰਫ਼ ਲੁੱਟ ਦਾ ਮਾਮਲਾ ਨਹੀਂ ਹੋ ਸਕਦਾ, ਕਿਉਂਕਿ ਆਸ਼ਰਮ ਵਿੱਚ ਬਹੁਤੀ ਜਾਇਦਾਦ ਨਹੀਂ ਹੈ। ਇਸ ਦੋਹਰੇ ਕਤਲਕਾਂਡ ਦਾ ਮਕਸਦ ਕੁਝ ਹੋਰ ਹੈ। ਝਾਰਖੰਡ ਵਿੱਚ ਸਾਧੂ ਵੀ ਸੁਰੱਖਿਅਤ ਨਹੀਂ ਹਨ, ਪਰ ਸਰਕਾਰ ਚੁੱਪ ਹੈ।'' ਭਾਜਪਾ ਵਿਧਾਇਕ ਨੂੰ ਜਵਾਬ ਦਿੰਦੇ ਹੋਏ, ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਧਾ ਕ੍ਰਿਸ਼ਨ ਕਿਸ਼ੋਰ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਉਨ੍ਹਾਂ ਸਦਨ ਨੂੰ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਹਰੇ ਕਤਲ ਦੇ ਸਬੰਧ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਇਸ ਚੈਂਪੀਅਨ ਖਿਡਾਰੀ ਨੇ ਟੀਮ ਇੰਡੀਆ ਨੂੰ ਦਿੱਤਾ 'ਜਿੱਤ ਦਾ ਮੰਤਰ' ; 'ਖ਼ਿਤਾਬ ਜਿੱਤਣਾ ਹੈ ਤਾਂ...'
ਕਿਸ਼ੋਰ ਨੇ ਕਿਹਾ, “ਦੋ ਹੋਰ ਮੁਲਜ਼ਮ ਅਜੇ ਵੀ ਫਰਾਰ ਹਨ। ਮੈਂ ਇਸ ਮਾਮਲੇ ਵਿੱਚ ਰਾਂਚੀ ਦੇ ਐੱਸ.ਐੱਸ.ਪੀ. ਤੋਂ ਹੋਰ ਜਾਣਕਾਰੀ ਲਵਾਂਗਾ ਤੇ ਇਸ ਘਟਨਾ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।'' ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਅਪਰਾਧ ਪਿੱਛੇ ਮੁੱਖ ਉਦੇਸ਼ ਚੋਰੀ ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਝਾਰਖੰਡ ਇਕਾਈ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਵੀ ਇਸ ਘਟਨਾ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਝਾਰਖੰਡ ਦੇ ਰਾਂਚੀ ਦੇ ਚਾਨਹੋ ਵਿੱਚ ਆਨੰਦ ਮਾਰਗ ਆਸ਼ਰਮ ਵਿੱਚ ਇੱਕ ਭਿਕਸ਼ੂ ਦੀ ਲੁੱਟ ਅਤੇ ਕਤਲ ਦੀ ਘਟਨਾ ਰਾਜ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਅਸਫਲਤਾ ਨੂੰ ਦਰਸਾਉਂਦੀ ਹੈ।"
ਉਨ੍ਹਾਂ ਕਿਹਾ ਕਿ ਆਸ਼ਰਮਾਂ ਅਤੇ ਧਾਰਮਿਕ ਸਥਾਨਾਂ ਨੂੰ ਸੁਰੱਖਿਅਤ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ, ਪਰ ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਅਪਰਾਧੀਆਂ ਨੇ ਨਾ ਸਿਰਫ਼ ਆਸ਼ਰਮ ਵਿੱਚ ਦਾਖਲ ਹੋਣ ਤੋਂ ਬਾਅਦ ਲੁੱਟ ਕੀਤੀ, ਸਗੋਂ ਇੱਕ ਸਾਧੂ ਅਤੇ ਇੱਕ ਪਿੰਡ ਵਾਸੀ ਨੂੰ ਵੀ ਮਾਰ ਦਿੱਤਾ ਅਤੇ ਫਿਰ ਫਰਾਰ ਹੋ ਗਏ।
ਉਨ੍ਹਾਂ ਕਿਹਾ, "ਝਾਰਖੰਡ ਵਿੱਚ ਧਾਰਮਿਕ ਸਥਾਨਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ, ਪਰ ਸਰਕਾਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਜੇਕਰ ਜਲਦੀ ਹੀ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦਾ ਇਸ ਸਰਕਾਰ ਤੋਂ ਵਿਸ਼ਵਾਸ ਉੱਠ ਜਾਵੇਗਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e