ਸੰਸਦ 'ਚ ਗੂੰਜਿਆ LPG ਸਿਲੰਡਰਾਂ ਦੀ ਕਿੱਲਤ ਦਾ ਮੁੱਦਾ, ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦਿੱਤਾ ਵੱਡਾ ਬਿਆਨ

Thursday, Mar 12, 2026 - 04:56 PM (IST)

ਸੰਸਦ 'ਚ ਗੂੰਜਿਆ LPG ਸਿਲੰਡਰਾਂ ਦੀ ਕਿੱਲਤ ਦਾ ਮੁੱਦਾ, ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ: ਦੇਸ਼ ਵਿੱਚ ਰਸੋਈ ਗੈਸ (LPG) ਅਤੇ ਤੇਲ ਦੀ ਕਿੱਲਤ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਅਤੇ ਵਿਰੋਧੀ ਧਿਰ ਦੇ ਸਵਾਲਾਂ ਦਾ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਲੋਕ ਸਭਾ ਵਿੱਚ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਜਾਂ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਭਾਰਤ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ।

40 ਦੇਸ਼ਾਂ ਤੋਂ ਆ ਰਿਹਾ ਤੇਲ, ਉਤਪਾਦਨ 'ਚ ਵੱਡਾ ਉਛਾਲ 
ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਦੀਪ ਪੁਰੀ ਨੇ ਦੱਸਿਆ ਕਿ ਭਾਰਤ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ 40 ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰ ਰਿਹਾ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਿਰਫ 5 ਦਿਨਾਂ ਵਿੱਚ LPG ਦਾ ਉਤਪਾਦਨ 28 ਫੀਸਦੀ ਵਧਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਕਿ ਦੇਸ਼ ਵਿੱਚ CNG ਦੀ 100 ਫੀਸਦੀ ਸਪਲਾਈ ਹੋ ਰਹੀ ਹੈ ਅਤੇ LNG ਦੇ ਕਾਰਗੋ ਜਹਾਜ਼ ਰੋਜ਼ਾਨਾ ਭਾਰਤ ਪਹੁੰਚ ਰਹੇ ਹਨ।

ਰਾਹੁਲ ਗਾਂਧੀ ਨੇ ਚੁੱਕੇ ਸਵਾਲ: ‘LPG ਸੰਕਟ ਤਾਂ ਸਿਰਫ ਸ਼ੁਰੂਆਤ ਹੈ’
 ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਮੁੱਦੇ 'ਤੇ ਚਰਚਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਈਰਾਨ ਜੰਗ ਅਤੇ 'ਸਟ੍ਰੇਟ ਆਫ ਹੋਰਮੁਜ਼' ਦੇ ਬੰਦ ਹੋਣ ਕਾਰਨ ਦੇਸ਼ ਵਿੱਚ ਗੈਸ ਸੰਕਟ ਪੈਦਾ ਹੋ ਗਿਆ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਵਪਾਰੀਆਂ ਅਤੇ ਰੇਹੜੀ-ਫੜੀ ਵਾਲਿਆਂ 'ਤੇ ਪਿਆ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਅਮਰੀਕਾ ਕੌਣ ਹੁੰਦਾ ਹੈ ਸਾਨੂੰ ਇਹ ਦੱਸਣ ਵਾਲਾ ਕਿ ਅਸੀਂ ਕਿਸ ਤੋਂ ਤੇਲ ਜਾਂ ਗੈਸ ਖਰੀਦਣੀ ਹੈ।

ਘਬਰਾਉਣ  ਦੀ ਲੋੜ ਨਹੀਂ
 ਹਰਦੀਪ ਪੁਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਗੈਸ ਸਿਲੰਡਰਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋੜੀਂਦਾ ਕੱਚਾ ਤੇਲ ਮੌਜੂਦ ਹੈ ਅਤੇ ਭਾਰਤ ਲੰਬੇ ਸਮੇਂ ਤੱਕ ਇਸ ਹਾਲਾਤ ਨਾਲ ਨਿਪਟਣ ਦੇ ਸਮਰੱਥ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਕਮੇਟੀ ਵੀ ਬਣਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News