ਕਾਰਟੋਸੈੱਟ-3 ਲਾਂਚ : ਮੋਦੀ ਨੇ ਇਸਰੋ ਨੂੰ ਦਿੱਤੀ ਵਧਾਈ, ਕਿਹਾ- ''ਦੇਸ਼ ਨੂੰ ਤੁਹਾਡੇ ''ਤੇ ਮਾਣ ਹੈ''
Wednesday, Nov 27, 2019 - 12:59 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਟੋਸੈੱਟ-3 ਦੇ ਸਫਲ ਲਾਂਚਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਬੁੱਧਵਾਰ ਨੂੰ ਵਧਾਈ ਦਿੱਤੀ। ਮੋਦੀ ਨੇ ਕਾਰਟੋਸੈੱਟ-3 ਦੇ ਸਫਲ ਲਾਂਚਿੰਗ 'ਤੇ ਟਵੀਟ ਕਰ ਕੇ ਕਿਹਾ, ''ਮੈਂ ਇਸਰੋ ਟੀਮ ਨੂੰ ਪੀ. ਐੱਸ. ਐੱਲ. ਵੀ-ਸੀ47 ਦੇ ਜ਼ਰੀਏ ਸਾਡੇ ਦੇਸ਼ ਦੇ ਕਾਰਟੋਸੈੱਟ-3 ਸੈਟੇਲਾਈਟ ਅਤੇ ਅਮਰੀਕਾ ਦੇ ਇਕ ਦਰਜਨ ਤੋਂ ਵਧ ਨੈਨੋ ਸੈਟੇਲਾਈਟਸ ਦੇ ਸਫਲਤਾਪੂਰਵਕ ਲਾਂਚਿੰਗ ਲਈ ਵਧਾਈ ਦਿੰਦਾ ਹਾਂ। ਕਾਰਟੋਸੈੱਟ-3 ਸਾਡੀ ਹਾਈ ਰੈਜ਼ੋਲੂਸ਼ਨ ਇਮੇਜਿੰਗ ਸਮਰੱਥਾ ਨੂੰ ਵਧਾਏਗਾ। ਇਸਰੋ ਨੇ ਇਕ ਵਾਰ ਫਿਰ ਦੇਸ਼ ਨੂੰ ਮਾਣ ਨਾਲ ਉੱਚਾ ਕਰ ਦਿੱਤਾ ਹੈ।''
ਜ਼ਿਕਰਯੋਗ ਹੈ ਕਿ ਇਸਰੋ ਨੇ ਜ਼ਮੀਨ ਦੀ ਨਿਗਰਾਨੀ ਤੇ ਮੈਪ ਸੈਟੇਲਾਈਟ ਕਾਰਟੋਸੈੱਟ-3 ਦੇ ਨਾਲ 13 ਅਮਰੀਕੀ ਨੈਨੋ ਸੈਟੇਲਾਈਟਸ ਨੂੰ ਪੀ. ਐੱਸ. ਐੱਲ. ਵੀ. ਸੀ-47 ਨਾਲ ਲਾਂਚ ਕਰ ਦਿੱਤਾ ਹੈ। ਚੰਦਰਯਾਨ-2 ਤੋਂ ਬਾਅਦ ਇਸਰੋ ਦਾ ਇਹ ਪਹਿਲਾ ਵੱਡਾ ਮਿਸ਼ਨ ਹੈ। ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਵੇਰੇ 9.28 ਵਜੇ ਇਹ 14 ਸੈਟੇਲਾਈਇਕੋ ਸਮੇਂ ਲਾਂਚ ਕੀਤੇ ਗਏ। ਇਹ ਪੀ. ਐੱਸ. ਐੱਲ. ਵੀ. ਸੀ-47 ਦੀ 49ਵੀਂ ਉਡਾਣ ਰਹੀ।
ਕਾਰਟੋਸੈੱਟ-3 ਸੈਟੇਲਾਈਟ ਜ਼ਰੀਏ ਸਰਹੱਦਾਂ 'ਤੇ ਨਜ਼ਰ ਰੱਖੀ ਜਾਵੇਗੀ। ਇਹ ਤੀਜੀ ਪੀੜ੍ਹੀ ਦਾ ਉਪਗ੍ਰਹਿ ਹੈ, ਜਿਸ 'ਚ ਉੱਚ ਗੁਣਵੱਤਾ ਦੀ ਫੋਟੋ ਲੈਣ ਦੀ ਸਮਰੱਥਾ ਹੈ। ਇਹ ਸੈਟੇਲਾਈਟ ਧਰਤੀ ਤੋਂ 509 ਕਿਲੋਮੀਟਰ ਦੀ ਉੱਚੇ ਪੰਧ 'ਚ ਹੋਵੇਗਾ ਤੇ ਉੱਥੋਂ ਭਾਰਤੀ ਸਰਹੱਦਾਂ ਦੀ ਨਿਗਰਾਨੀ ਕਰੇਗਾ। ਕਾਰਟੋਸੈੱਟ-3 ਸੈਟੇਲਾਈਟ ਕਿਸੇ ਵੀ ਮੌਸਮ 'ਚ ਧਰਤੀ ਦੀਆਂ ਤਸਵੀਰਾਂ ਲੈ ਸਕਦਾ ਹੈ। ਇਸ ਜ਼ਰੀਏ ਦਿਨ ਅਤੇ ਰਾਤ ਸਮੇਂ ਆਸਮਾਨ ਤੋਂ ਸਾਫ ਤਸਵੀਰ ਖਿੱਚੀ ਜਾ ਸਕਦੀ ਹੈ। ਮਾਹਰਾਂ ਦਾ ਦਾਅਵਾ ਹੈ ਕਿ ਇੰਨੀ ਸਟੀਕਤਾ ਵਾਲਾ ਸੈਟੇਲਾਈਟ ਕੈਮਰਾ ਕਿਸੇ ਦੇਸ਼ ਨੇ ਲਾਂਚ ਨਹੀਂ ਕੀਤਾ ਹੈ। ਇਹ ਹੱਥ 'ਤੇ ਬੰਨ੍ਹੀ ਘੜੀ ਦਾ ਸਮਾਂ ਵੀ ਸਟੀਕ ਦੱਸ ਸਕਦਾ ਹੈ।