ਕੈਨੇਡਾ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਕਾਤਲ ਅਦਾਲਤ 'ਚ ਹੋਇਆ ਪੇਸ਼, ਖੁੱਲ੍ਹੇ ਕਈ ਹੋਰ ਭੇਦ

Friday, Oct 13, 2017 - 11:57 AM (IST)

ਟੋਰਾਂਟੋ,(ਏਜੰਸੀ)— ਸਾਲ 2012 'ਚ ਕੈਨੇਡਾ 'ਚ ਰਹਿ ਰਹੇ ਜੈਸ਼ ਪ੍ਰਜਾਪਤੀ ਨਾਂ ਦੇ ਭਾਰਤੀ ਮੂਲ ਦੇ ਵਿਅਕਤੀ ਨੂੰ ਪੈਟਰੋਲ ਪੰਪ 'ਤੇ ਵਾਪਰੀ ਇਕ ਘਟਨਾ 'ਚ ਆਪਣੀ ਜਾਨ ਗੁਆਉਣੀ ਪਈ ਸੀ। ਇਸ ਮਾਮਲੇ ਦੀ ਸੁਣਵਾਈ ਮਗਰੋਂ ਮੰਗਲਵਾਰ ਨੂੰ ਅਦਾਲਤ ਨੇ ਮੈਕਸ ਐਡਵਿਨ ਟੁੱਟੀਵਾਨ ਨਾਂ ਦੇ ਵਿਅਕਤੀ ਨੂੰ ਜੈਸ਼ ਦੀ ਮੌਤ ਦਾ ਦੋਸ਼ੀ ਠਹਿਰਾਇਆ ਹੈ। ਉਸ ਨੂੰ ਇਕ ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਉਸ ਨੂੰ 10 ਤੋਂ 25 ਸਾਲਾਂ ਤਕ ਦੀ ਸਜ਼ਾ ਹੋ ਸਕਦੀ ਹੈ। ਅਦਾਲਤ 'ਚ ਮੈਕਸ ਦਾ ਇਹ ਭੇਦ ਵੀ ਖੁੱਲ੍ਹਾ ਕਿ ਉਹ ਕਈ ਹੋਰ ਅਪਰਾਧ ਵੀ ਕਰ ਚੁੱਕਾ ਹੈ। ਉਹ ਲਗਭਗ 800 ਵਾਰ ਤੇਲ ਭਰਵਾ ਕੇ ਪੈਸੇ ਦਿੱਤੇ ਬਿਨਾਂ ਹੀ ਭੱਜਦਾ ਰਿਹਾ ਹੈ । ਇਸ ਤੋਂ ਇਲਾਵਾ ਉਹ ਕਾਰਾਂ ਅਤੇ ਮੋਬਾਈਲ ਚੋਰੀ ਕਰਨ ਅਤੇ ਘਰਾਂ 'ਚ ਜਾ ਕੇ ਲੁੱਟ-ਮਾਰ ਕਰਨ ਵਰਗੀਆਂ ਘਟਨਾਵਾਂ ਦਾ ਵੀ ਦੋਸ਼ੀ ਹੈ। ਮ੍ਰਿਤਕ ਜੈਸ਼ ਪ੍ਰਜਾਪਤੀ ਦੀ ਪਤਨੀ ਵੈਸ਼ਾਲੀ ਜੋ ਕੈਨੇਡਾ 'ਚ ਆਪਣੇ ਪੁੱਤਰ ਨਾਲ ਰਹਿ ਰਹੀ ਹੈ, ਇਸ ਸੁਣਵਾਈ ਮਗਰੋਂ ਭਾਵੁਕ ਹੋ ਗਈ। ਉਹ ਅਦਾਲਤ 'ਚ ਉੱਚੀ-ਉੱਚੀ ਰੋਂਦੀ ਰਹੀ।

PunjabKesari
ਤੁਹਾਨੂੰ ਦੱਸ ਦਈਏ ਕਿ ਜੈਸ਼ ਦੀ ਮੌਤ 25 ਸਤੰਬਰ 2012 ਨੂੰ ਹੋਈ ਸੀ, ਜਦ 44 ਸਾਲਾ ਜੈਸ਼ ਪੈਟਰੋਲ ਪੰਪ 'ਤੇ ਕੰਮ ਕਰ ਰਿਹਾ ਸੀ ਅਤੇ ਮੈਕਸ ਐਡਵਿਨ ਨਾਂ ਦਾ ਵਿਅਕਤੀ ਆਪਣੀ ਗੱਡੀ 'ਚ ਤੇਲ ਭਰਵਾਉਣ ਲਈ ਆਇਆ ਸੀ। ਉਸ ਨੇ ਕੁੱਲ 112 ਡਾਲਰ ਅਤੇ 85 ਸੈਂਟ ਦਾ ਤੇਲ ਭਰਵਾਇਆ ਅਤੇ ਬਿਨਾਂ ਭੁਗਤਾਨ ਕੀਤੇ ਹੀ ਉੱਥੋਂ ਭੱਜ ਗਿਆ। ਜੈਸ਼ ਪ੍ਰਜਾਪਤੀ ਉਸ ਦੇ ਮਗਰ ਭੱਜਿਆ ਅਤੇ ਮੈਕਸ ਨੂੰ ਰੋਕਣ ਲਈ ਉਸ ਦੀ ਗੱਡੀ ਦੇ ਸਾਹਮਣੇ ਆ ਗਿਆ। ਮੈਕਸ ਉਸ ਨੂੰ ਦੂਰ ਤਕ ਘੜੀਸਦਾ ਹੋਇਆ ਲੈ ਗਿਆ ਅਤੇ ਜ਼ਖਮੀ ਹਾਲਤ 'ਚ ਜੈਸ਼ ਸੜਕ 'ਤੇ ਡਿੱਗ ਗਿਆ। ਜੈਸ਼ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉਸ ਨੇ ਹਸਪਤਾਲ 'ਚ ਜਾ ਕੇ ਦਮ ਤੋੜ ਦਿੱਤਾ। ਕੈਮਰੇ ਦੀ ਫੁਟੇਜ ਤੋਂ ਸਾਰੀ ਘਟਨਾ ਦਾ ਪਤਾ ਲੱਗਾ ਅਤੇ ਪੁਲਸ 3 ਸਾਲਾਂ ਤਕ ਉਸ ਨੂੰ ਲੱਭਦੀ ਰਹੀ। ਮੈਕਸ ਦੀ ਭਾਲ ਲਈ ਉਨ੍ਹਾਂ 25,000 ਡਾਲਰ ਦਾ ਇਨਾਮ ਰੱਖ ਦਿੱਤਾ। ਇਨਾਮ ਰੱਖਣ ਦੇ ਦੋ ਦਿਨਾਂ ਬਾਅਦ ਮਾਂਟਰੀਅਲ 'ਚ ਮੈਕਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਕੇਸ ਚੱਲਿਆ।

PunjabKesari ਕੈਨੇਡਾ 'ਚ ਅਜਿਹੀਆਂ ਕਈ ਵਾਰ ਵਾਰਦਾਤਾਂ ਸਾਹਮਣੇ ਆਈਆਂ ਹਨ ਕਿ ਲੋਕ ਤੇਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਹੀ ਦੌੜ ਜਾਂਦੇ ਹਨ। ਇਨ੍ਹਾਂ ਤੇਲ ਚੋਰਾਂ ਨੂੰ ਅੜਿੱਕੇ 'ਚ ਲੈਣ ਲਈ ਵਿਧਾਨ ਸਭਾ 'ਚ ਨਵਾਂ ਬਿੱਲ ਪਾਸ ਕੀਤਾ ਗਿਆ ਜਿਸ ਦਾ ਨਾਂ ਜੈਸ਼ ਦੇ ਨਾਂ 'ਤੇ ਰੱਖਿਆ ਗਿਆ ਹੈ।


Related News