ਬਰਲਟਨ ਪਾਰਕ ਮਾਰਕੀਟ ’ਚ ਕਰੋੜਾਂ ਦੇ ਪਟਾਕੇ ਦਾ ਸਟਾਕ ਬਚਿਆ, ਕਈ ਛੋਟੇ ਦੁਕਾਨਦਾਰ ਘਾਟੇ ’ਚ ਰਹੇ

Saturday, Nov 02, 2024 - 02:08 PM (IST)

ਬਰਲਟਨ ਪਾਰਕ ਮਾਰਕੀਟ ’ਚ ਕਰੋੜਾਂ ਦੇ ਪਟਾਕੇ ਦਾ ਸਟਾਕ ਬਚਿਆ, ਕਈ ਛੋਟੇ ਦੁਕਾਨਦਾਰ ਘਾਟੇ ’ਚ ਰਹੇ

ਜਲੰਧਰ (ਖੁਰਾਣਾ)–ਇਸ ਵਾਰ ਭਾਵੇਂ ਜ਼ਿਆਦਾਤਰ ਲੋਕਾਂ ਨੇ ਦੀਵਾਲੀ ਦਾ ਤਿਉਹਾਰ 2 ਦਿਨ ਮਨਾਇਆ। ਕਈਆਂ ਨੇ 31 ਅਕਤੂਬਰ ਤਾਂ ਕਈਆਂ ਨੇ ਪਹਿਲੀ ਨਵੰਬਰ ਨੂੰ ਦੀਵਾਲੀ ਸੈਲੀਬ੍ਰੇਟ ਕੀਤੀ ਪਰ ਇਸ ਦੇ ਬਾਵਜੂਦ ਕੁਝ ਦੁਕਾਨਦਾਰਾਂ ਲਈ ਇਸ ਵਾਰ ਦੀ ਦੀਵਾਲੀ ਜ਼ਿਆਦਾ ਫਾਇਦੇਮੰਦ ਨਹੀਂ ਰਹੀ।
ਹਰ ਦੀਵਾਲੀ ’ਤੇ ਸ਼ਹਿਰ ਵਿਚ ਕਰੋੜਾਂ ਰੁਪਏ ਦਾ ਪਟਾਕਾ ਵਿਕਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪਟਾਕਿਆਂ ਦੀ ਹੋਲਸੇਲ ਅਤੇ ਰਿਟੇਲ ਕਾਰੋਬਾਰ ਲਈ ਬਰਲਟਨ ਪਾਰਕ ਵਿਚ ਅਸਥਾਈ ਮਾਰਕੀਟ ਸਜਾਈ ਜਾਂਦੀ ਹੈ। ਇਸ ਵਾਰ ਪਟਾਕਾ ਮਾਰਕੀਟ ਦੇ ਸੂਤਰਾਂ ਅਨੁਸਾਰ ਦੀਵਾਲੀ ਖ਼ਤਮ ਹੋਣ ਦੇ ਬਾਅਦ ਪਟਾਕਿਆਂ ਦਾ ਕਾਰੋਬਾਰ ਕਰੋੜਾ ਰੁਪਏ ਦਾ ਸਟਾਕ ਬਚ ਗਿਆ ਹੈ, ਜਿਸ ਕਾਰਨ ਕਈ ਛੋਟੇ ਦੁਕਾਨਦਾਰ ਇਸ ਵਾਰ ਘਾਟੇ ਵਿਚ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਦੀਵਾਲੀ ’ਤੇ ਪਟਾਕਿਆਂ ਦਾ ਜ਼ਿਆਦਾਤਰ ਸਟਾਕ ਖ਼ਤਮ ਹੋ ਗਿਆ ਸੀ ਅਤੇ ਲਗਭਗ ਸਾਰੇ ਵਪਾਰੀ ਅਤੇ ਕਾਰੋਬਾਰੀ ਮੁਨਾਫ਼ੇ ਵਿਚ ਰਹੇ ਸਨ ਪਰ ਇਸ ਵਾਰ ਅਜਿਹਾ ਨਹੀਂ ਹੈ। ਇਸ ਵਾਰ ਛੋਟੇ ਦੁਕਾਨਦਾਰਾਂ ਦਾ ਕਾਫ਼ੀ ਸਟਾਕ ਬਚ ਜਾਣ ਨਾਲ ਕਾਰੋਬਾਰੀਆਂ ਵਿਚ ਮਾਯੂਸੀ ਵੇਖੀ ਜਾ ਰਹੀ ਹੈ। 'ਜਗ ਬਾਣੀ' ਦੀ ਟੀਮ ਨੇ ਸ਼ੁੱਕਰਵਾਰ ਦੇਰ ਸ਼ਾਮ ਬਰਲਟਨ ਪਾਰਕ ਪਟਾਕਾ ਮਾਰਕੀਟ ਦਾ ਦੌਰਾ ਕਰਕੇ ਵੇਖਿਆ ਤਾਂ ਗਾਹਕਾਂ ਦੀਆਂ ਗਿਣਤੀ ਸਾਧਾਰਨ ਸੀ ਅਤੇ ਵਧੇਰੇ ਦੁਕਾਨਾਂ ’ਤੇ ਪੇਟੀਆਂ ਵਿਚ ਵੀ ਮਾਲ ਬਚਿਆ ਹੋਇਆ ਸੀ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਵਾਪਰੇ ਹਾਦਸੇ ਦੀ ਖ਼ੌਫ਼ਨਾਕ CCTV ਆਈ ਸਾਹਮਣੇ, ਪਿਓ-ਪੁੱਤ ਦੀ ਗਈ ਜਾਨ

ਦੁਕਾਨਾਂ ਲਾਉਣ ਲਈ ਬਹੁਤ ਹੀ ਘੱਟ ਸਮਾਂ ਮਿਲਿਆ
ਅੱਜ ਤੋਂ 20-30 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੀਵਾਲੀ ਦੇ ਦਿਨਾਂ ਵਿਚ ਵਧੇਰੇ ਪਟਾਕਾ ਅਟਾਰੀ ਬਾਜ਼ਾਰ ਅਤੇ ਨੇੜਲੇ ਤੰਗ ਬਾਜ਼ਾਰਾਂ ਵਿਚ ਵਿਕਦਾ ਹੁੰਦਾ ਸੀ। ਅੱਜ ਤੋਂ ਕਈ ਸਾਲ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗੁਪਤਾ ਨੇ ਤੰਗ ਬਾਜ਼ਾਰਾਂ ਵਿਚ ਵਿਕਣ ਵਾਲੇ ਪਟਾਕੇ ’ਤੇ ਸਖ਼ਤੀ ਕਰਦੇ ਹੋਏ ਵਪਾਰੀਆਂ ਨੂੰ ਖੁੱਲ੍ਹੀ ਜਗ੍ਹਾ ਪਟਾਕੇ ਵੇਚਣ ’ਤੇ ਮਜਬੂਰ ਕੀਤਾ ਸੀ। ਇਸ ਤੋਂ ਬਾਅਦ ਕੁਝ ਪਟਾਕਾ ਵਿਕ੍ਰੇਤਾਵਾਂ ਨੂੰ ਬਰਲਟਨ ਪਾਰਕ ਸਟੇਡੀਅਮ ਦੇ ਹੇਠਾਂ ਬਣੀਆਂ ਦੁਕਾਨਾਂ ਅਲਾਟ ਕੀਤੀਆਂ ਗਈਆਂ, ਉਦੋਂ ਕਾਰੋਬਾਰੀਆਂ ਨੂੰ ਪਟਾਕੇ ਵੇਚਣ ਲਈ ਡੇਢ-ਦੋ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਸੀ।
ਉਨ੍ਹੀਂ ਦਿਨੀਂ ਵੀ ਬਰਲਟਨ ਪਾਰਕ ਵਿਚ ਦੁਸਹਿਰਾ ਵੀ ਮਨਾਇਆ ਜਾਂਦਾ ਸੀ ਅਤੇ ਦੁਸਹਿਰੇ ਵਾਲੇ ਦਿਨ ਪਟਾਕਾ ਮਾਰਕੀਟ ਨੂੰ ਬੰਦ ਕਰਕੇ ਸਾਮਾਨ ਦੀ ਰੱਖਵਾਲੀ ਕਰਨੀ ਪੈਂਦੀ ਸੀ। ਹੌਲੀ-ਹੌਲੀ ਪਟਾਕਾ ਮਾਰਕੀਟ ਦਾ ਸਰੂਪ ਬਦਲਦਾ ਚਲਿਆ ਗਿਆ ਅਤੇ ਪਿਛਲੇ ਕੁਝ ਸਾਲਾਂ ਤੋਂ ਪੁਲਸ ਨੇ ਪਟਾਕਾ ਵਿਕ੍ਰੇਤਾਵਾਂ ਲਈ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ।

ਹੁਣ ਸਿਰਫ਼ 20 ਪਟਾਕਾ ਵਿਕ੍ਰੇਤਾਵਾਂ ਨੂੰ ਹੀ ਪਟਾਕੇ ਵੇਚਣ ਦੀ ਮਨਜ਼ੂਰੀ ਮਿਲਦੀ ਹੈ। ਇਹ ਵੱਖ ਗੱਲ ਹੈ ਕਿ ਹਰ ਵਾਰ ਡਰਾਅ ਵਿਚ ਸਫ਼ਲ ਹੋਣ ਵਾਲੇ ਕਾਰੋਬਾਰੀ ਆਪਣੇ-ਆਪਣੇ ਨਾਲ ਬਾਕੀ ਦੁਕਾਨਦਾਰਾਂ ਨੂੰ ਵੀ ਜੋੜ ਲੈਂਦੇ ਹਨ, ਜੋ ਪਟਾਕਾ ਮਾਰਕੀਟ ਕੁਝ ਸਾਲ ਪਹਿਲਾਂ ਇਕ-ਡੇਢ ਮਹੀਨੇ ਤੋਂ ਹੀ ਵੱਧ ਸਮੇਂ ਤਕ ਖੁੱਲ੍ਹਦੀ ਹੁੰਦੀ ਸੀ, ਉਹ ਹੌਲੀ-ਹੌਲੀ ਇਕ ਹਫਤੇ ਤਕ ਸੁੰਗੜ ਗਈ ਅਤੇ ਇਸ ਵਾਰ ਤਾਂ ਪਟਾਕਾ ਕਾਰੋਬਾਰੀਆਂ ਨੂੰ ਆਪਣਾ ਕੰਮਕਾਜ ਕਰਨ ਲਈ ਇਕ ਹਫ਼ਤੇ ਦਾ ਵੀ ਸਮਾਂ ਨਹੀਂ ਮਿਲਿਆ। ਇਸ ਕਾਰਨ ਮਾਰਕੀਟ ਵਿਚ ਮੰਦੀ ਦਾ ਮਾਹੌਲ ਵੇਖਿਆ ਗਿਆ, ਇਸ ਨਾਲ ਵੀ ਪਟਾਕਾ ਕਾਰੋਬਾਰੀਆਂ ਵਿਚ ਰੋਸ ਫੈਲਿਆ ਰਿਹਾ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਤੋਂ ਮੰਦਭਾਗੀ ਖ਼ਬਰ, ਕਿਸਾਨ ਮੋਰਚੇ 'ਚ ਡਟੇ ਕਿਸਾਨ ਆਗੂ ਦੀ ਮੌਤ

ਪੁਲਸ ਅਤੇ ਜੀ. ਐੱਸ. ਟੀ. ਵਿਭਾਗ ਤੋਂ ਕਾਫੀ ਨਾਰਾਜ਼ ਹਨ ਪਟਾਕਾ ਕਾਰੋਬਾਰੀ
ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਸਰਕਾਰੀ ਵਿਭਾਗਾਂ ਨੇ ਕਾਫੀ ਤੰਗ-ਪ੍ਰੇਸ਼ਾਨ ਕੀਤਾ। ਸਭ ਤੋਂ ਜ਼ਿਆਦਾ ਪ੍ਰੇਸ਼ਾਨ ਜੀ. ਐੱਸ. ਟੀ. ਵਿਭਾਗ ਤੋਂ ਆਈ, ਜਿਸ ਨੇ ਆਪਣੇ ਦਫਤਰ ਵਿਚ ਪਟਾਕਾ ਵਿਕ੍ਰੇਤਾਵਾਂ ਨੂੰ ਕਈ ਵਾਰ ਬੁਲਾਇਆ, ਕਈ-ਕਈ ਘੰਟੇ ਇੰਤਜ਼ਾਰ ਕਰਵਾਇਆ। ਉਨ੍ਹਾਂ ਕੋਲੋਂ ਐਡਵਾਂਸ ਟੈਕਸ ਵੀ ਲਿਆ ਅਤੇ ਕਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਨੂੰ ਕਿਹਾ।

ਜਿਨ੍ਹਾਂ ਦਿਨਾਂ ਵਿਚ ਪਟਾਕਾ ਵਪਾਰੀ ਕਾਰੋਬਾਰ ਕਰਦੇ ਹੁੰਦੇ ਸਨ, ਉਨ੍ਹਾਂ ਦਾ ਉਹ ਸਮਾਂ ਜੀ. ਐੱਸ. ਟੀ. ਭਵਨ ਵਿਚ ਆਉਣ-ਜਾਣ ਅਤੇ ਉਡੀਕ ਕਰਨ ਵਿਚ ਬੀਤਿਆ। ਇਸੇ ਤਰ੍ਹਾਂ ਜਲੰਧਰ ਪੁਲਸ ਦਾ ਰਵੱਈਆ ਵੀ ਸਹਿਯੋਗ ਵਾਲਾ ਨਹੀਂ ਰਿਹਾ। ਜਿਸ ਦਿਨ ਪਟਾਕਾ ਮਾਰਕੀਟ ਵਿਚ ਗਾਹਕਾਂ ਦੀ ਆਮਦ ਦੀ ਸੰਭਾਵਨਾ ਸੀ, ਉਸ ਦਿਨ ਜਲੰਧਰ ਪੁਲਸ ਨੇ ਮਾਰਕੀਟ ਵਿਚ ਛਾਪੇਮਾਰੀ ਕਰ ਦਿੱਤੀ, ਜਿਸ ਕਾਰਨ ਦੁਕਾਨਦਾਰਾਂ ਨੂੰ ਸਾਮਾਨ ਵੇਚਣ ਦੀ ਬਜਾਏ ਫਲਾਈਓਵਰ ’ਤੇ ਜਾ ਕੇ ਧਰਨਾ ਲਾਉਣਾ ਪਿਆ ਅਤੇ ਪੂਰਾ ਦਿਨ ਪ੍ਰੇਸ਼ਾਨੀ ਦੇ ਆਲਮ ਵਿਚ ਬੀਤਿਆ।
ਇਸ ਵਾਰ ਨਗਰ ਨਿਗਮ ਦਾ ਰਵੱਈਆ ਵੀ ਸਹਿਯੋਗ ਵਾਲਾ ਨਹੀਂ ਰਿਹਾ। ਜਿਹੜਾ ਕਿਰਾਇਆ 5 ਰੁਪਏ ਪ੍ਰਤੀ ਵਰਗ ਫੁੱਟ ਹੁੰਦਾ ਸੀ, ਉਸਨੂੰ ਵੀ 12 ਰੁਪਏ ਪ੍ਰਤੀ ਵਰਗ ਫੁੱਟ ਕਰ ਦਿੱਤਾ ਗਿਆ ਅਤੇ ਕਈ ਰਸਮੀ ਕਾਰਵਾਈਆਂ ਨਿਭਾਉਣ ਵਿਚ ਦੇਰੀ ਕੀਤੀ ਗਈ। ਸਰਕਾਰੀ ਵਿਭਾਗਾਂ ਦੇ ਚੱਕਰ ਕੱਟਣ ਕਾਰਨ ਵੀ ਪਟਾਕਾ ਵਪਾਰੀਆਂ ਨੂੰ ਕਾਰੋਬਾਰ ਕਰਨ ਦਾ ਬਹੁਤ ਘੱਟ ਸਮਾਂ ਮਿਲਿਆ।

PunjabKesari

ਇਹ ਵੀ ਪੜ੍ਹੋ- ਅਹਿਮ ਖ਼ਬਰ: ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ ਤੋਂ ਇੰਨੇ ਵਜੇ ਲੱਗਣਗੇ ਸਕੂਲ

ਨੇਤਾਗਿਰੀ ਕਰਨ ਅਤੇ ਨੰਬਰ ਬਣਾਉਣ ਵਾਲੇ ਲੋਕਾਂ ਤੋਂ ਕਾਫ਼ੀ ਨਾਰਾਜ਼ ਹਨ ਪਟਾਕਾ ਵਿਕ੍ਰੇਤਾ
ਬਰਲਟਨ ਪਾਰਕ ਪਟਾਕਾ ਮਾਰਕੀਟ ’ਤੇ ਹਮੇਸ਼ਾ ਹੀ ਸਿਆਸਤ ਹਾਵੀ ਰਹੀ ਹੈ। ਜਦੋਂ ਅਟਾਰੀ ਬਾਜ਼ਾਰ ਤੋਂ ਮਾਰਕੀਟ ਸ਼ਿਫਟ ਹੋ ਕੇ ਬਰਲਟਨ ਪਾਰਕ ਦੀਆਂ ਦੁਕਾਨਾਂ ਵਿਚ ਗਈਆਂ ਸਨ, ਉਦੋਂ ਸਿਰਫ ਡੇਢ-ਦੋ ਦਰਜਨ ਦੁਕਾਨਦਾਰ ਹੀ ਇਹ ਕਾਰੋਬਾਰ ਕਰਦੇ ਸਨ। ਉਸ ਦੇ ਬਾਅਦ ਜਿਵੇਂ-ਜਿਵੇਂ ਆਗੂਆਂ ਦੀ ਨਜ਼ਰ ਇਸ ਮਾਰਕੀਟ ’ਤੇ ਪੈਂਦੀ ਗਈ, ਇਸ ਦੀਆਂ ਦੁਕਾਨਾਂ ਵਿਚ ਵਾਧਾ ਹੁੰਦਾ ਗਿਆ। ਹਰ ਆਗੂ ਨੇ ਆਪਣੇ ਸਮਰਥਕਾਂ ਨੂੰ ਮਾਰਕੀਟ ਵਿਚ ਦਾਖਲ ਕਰਵਾਉਣਾ ਕਰ ਦਿੱਤਾ। ਜਿਸ-ਜਿਸ ਪਾਰਟੀ ਦੀ ਸਰਕਾਰ ਆਈ, ਉਸ ਦੇ ਸਮਰਥਕ ਵਧਦੇ ਗਏ। ਮੇਕਅੱਪ, ਚੂੜੀਆਂ ਅਤੇ ਹੋਰ ਸਾਮਾਨ ਵੇਚਣ ਵਾਲੇ ਵੀ ਪਟਾਕੇ ਦੇ ਵਪਾਰੀ ਬਣਦੇ ਚਲੇ ਗਏ। ਇਕ ਸਮਾਂ ਤਾਂ ਅਜਿਹਾ ਵੀ ਆਇਆ, ਜਦੋਂ ਪਟਾਕੇ ਦੀਆਂ ਖਾਲੀ ਦੁਕਾਨਾਂ ਲੈਣ ਲਈ ਵੀ 30, 40, 50 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ ਜਾਂਦੀ ਸੀ।

ਉਸ ਸਮੇਂ ਵੀ ਸਿਆਸਤਦਾਨਾਂ ਨੇ ਇਸ ਮਾਰਕੀਟ ਤੋਂ ਖ਼ੂਬ ਪੈਸਾ ਕਮਾਇਆ। ਅੱਜ ਹਾਲਾਤ ਇਹ ਹਨ ਕਿ ਇਹ ਮਾਰਕੀਟ 4 ਗਰੁੱਪਾਂ ਵਿਚ ਵੰਡੀ ਹੋਈ ਹੈ ਅਤੇ ਚਾਰਾਂ ਦੇ ਆਗੂ ਹੀ ਵੱਖ-ਵੱਖ ਰਾਗ ਅਲਾਪਦੇ ਹਨ। ਇਹ 4 ਗਰੁੱਪ ਬੱਲੂ ਅਤੇ ਸੰਜੀਵ ਬਾਹਰੀ, ਰਾਣਾ ਹਰਸ਼ ਵਰਮਾ, ਵਿਕਾਸ ਭੰਡਾਰੀ ਅਤੇ ਰਵੀ ਮਹਾਜਨ ਗਰੁੱਪ ਨਾਲ ਜਾਣੇ ਜਾਂਦੇ ਹਨ ਅਤੇ ਚਾਰਾਂ ਦੇ ਹੀ ਗਾਡਫਾਦਰ ਵੱਖ-ਵੱਖ ਹਨ। ਇਸ ਵਾਰ ਕੁਝ ਨਵੇਂ ਆਗੂਆਂ ਦੀ ਵੀ ਪਟਾਕਾ ਮਾਰਕੀਟ ਵਿਚ ਐਂਟਰੀ ਹੋਈ ਅਤੇ ਕੁਝ ਆਗੂਆਂ ਨੇ ਤਾਂ ਆਪਣੇ-ਆਪਣੇ ਨੰਬਰ ਬਣਾਉਣ ਦੇ ਚੱਕਰ ਵਿਚ ਵੀ ਪਟਾਕਾ ਮਾਰਕੀਟ ਦਾ ਨੁਕਸਾਨ ਕੀਤਾ। ਇਸ ਕਾਰਨ ਵੀ ਪਟਾਕਾ ਵਪਾਰੀ ਆਗੂਆਂ ਅਤੇ ਨੰਬਰ ਬਣਾਉਣ ਵਾਲਿਆਂ ਤੋਂ ਕਾਫ਼ੀ ਨਾਰਾਜ਼ ਅਤੇ ਨਿਰਾਸ਼ ਦਿਸੇ।
 

ਇਹ ਵੀ ਪੜ੍ਹੋ- ਮਾਂ-ਬੇਟਿਆਂ ਦਾ ਕਾਂਡ ਕਰੇਗਾ ਹੈਰਾਨ, ਇੰਝ ਲਾਇਆ ਦਿਮਾਗ ਤੇ ਕਰ ਲਈ 30 ਲੱਖ ਦੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News