ਬਿਜਲੀ ਦੇ ਖੰਭੇ ਨਾਲ ਟੱਕਰ ਮਗਰੋਂ ਕਾਰ ''ਚ ਆ ਗਿਆ ਕਰੰਟ ! ਅੱਗ ਲੱਗਣ ਕਾਰਨ 2 ਦੀ ਹੋਈ ਦਰਦਨਾਕ ਮੌਤ
Wednesday, May 06, 2026 - 05:27 PM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਤੜਕੇ ਨੈਸ਼ਨਲ ਹਾਈਵੇਅ-44 'ਤੇ ਇੱਕ ਤੇਜ਼ ਰਫ਼ਤਾਰ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਾਰ ਸਵਾਰ 2 ਵਿਅਕਤੀਆਂ ਦੀ ਜਿਊਂਦੇ ਸੜ ਜਾਣ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਹ ਹਾਦਸਾ ਡਬਰਾ ਥਾਣਾ ਖੇਤਰ ਦੇ ਅਧੀਨ ਆਉਂਦੇ 'ਅਰਰੂ ਤਿਰਾਹਾ' ਦੇ ਕੋਲ ਰਾਤ ਦੇ ਲਗਭਗ 2 ਵਜੇ ਵਾਪਰਿਆ। ਡੀ.ਐੱਸ.ਪੀ. ਰੌਬਿਨ ਜੈਨ ਅਨੁਸਾਰ, ਕਾਰ ਸਵਾਰ ਗਵਾਲੀਅਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਘਰ ਸ਼ਿਵਪੁਰੀ ਪਰਤ ਰਹੇ ਸਨ। ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਖੰਭੇ ਨਾਲ ਟਕਰਾਉਂਦੇ ਹੀ ਕਾਰ ਵਿੱਚ ਕਰੰਟ ਆ ਗਿਆ, ਜਿਸ ਕਾਰਨ ਕਾਰ ਵਿੱਚ ਵਿਆਹ ਲਈ ਵਰਤੇ ਜਾਣ ਵਾਲੇ ਪਟਾਕਿਆਂ ਨੂੰ ਵੀ ਅੱਗ ਲੱਗ ਗਈ। ਇਸ ਦੌਰਾਨ ਅੰਦਰ ਬੈਠੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਤੇ 2 ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਗੰਭੀਰ ਰੂਪ ਵਿੱਚ ਸੜੇ ਤੀਜੇ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡੀ.ਐੱਸ.ਪੀ. ਜੈਨ ਨੇ ਦੱਸਿਆ, "ਅਸੀਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਰਹੇ ਹਾਂ। ਹਾਦਸੇ ਵਾਲੀ ਥਾਂ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।"
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਵੀ ਇੱਕ ਭਿਆਨਕ ਹਾਦਸਾ ਵਾਪਰਿਆ ਸੀ, ਜਿੱਥੇ ਇੱਕ ਪਿਕਅੱਪ ਗੱਡੀ ਪਲਟਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਸੀ। ਰਾਜ ਵਿੱਚ ਲਗਾਤਾਰ ਹੋ ਰਹੇ ਅਜਿਹੇ ਖੂਨੀ ਹਾਦਸਿਆਂ ਨੇ ਸੜਕ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
