ਕੈਨੇਡਾ : ਪਿਕਨਿਕ 'ਤੇ ਗਏ ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ; ਕਰੰਟ ਲੱਗਣ ਕਾਰਨ 12 ਜ਼ਖਮੀ

Wednesday, Jun 17, 2026 - 12:47 PM (IST)

ਕੈਨੇਡਾ : ਪਿਕਨਿਕ 'ਤੇ ਗਏ ਸਕੂਲੀ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ; ਕਰੰਟ ਲੱਗਣ ਕਾਰਨ 12 ਜ਼ਖਮੀ

ਵੈਨਕੂਵਰ :  ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿੱਥੇ ਕਲਟਸ ਲੇਕ ਵਾਟਰ ਪਾਰਕ ਵਿੱਚ ਪਿਕਨਿਕ ਮਨਾਉਣ ਗਏ ਸਕੂਲੀ ਵਿਦਿਆਰਥੀਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ। ਵਾਟਰ ਪਾਰਕ ਵਿੱਚ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆਉਣ ਕਾਰਨ 12 ਵਿਦਿਆਰਥੀ ਜ਼ਖਮੀ ਹੋ ਗਏ। ਇਨ੍ਹਾਂ ਵਿਦਿਆਰਥੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ 2 ਵਿਦਿਆਰਥੀਆਂ ਨੂੰ ਏਅਰ ਲਿਫ਼ਟ ਕਰਨਾ ਪਿਆ। ਬਾਕੀ 10 ਬੱਚਿਆਂ ਨੂੰ ਸੜਕੀ ਰਸਤੇ ਰਾਹੀਂ ਐਂਬੂਲੈਂਸਾਂ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਬੱਚਿਆਂ ਨੂੰ ਲੱਗੀਆਂ ਸੱਟਾਂ ਗੰਭੀਰ ਹਨ, ਪਰ ਖ਼ੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।

ਅੱਪਰ ਫ਼ਰੇਜ਼ਰ ਵੈਲੀ ਆਰ.ਸੀ.ਐਮ.ਪੀ. ਦੀ ਕਾਰਪੋਰਲ ਕਾਰਮਨ ਕੀਨਰ ਨੇ ਦੱਸਿਆ ਕਿ ਸਾਰੇ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਧਰ ਕੌਕੁਇਟਲੈਮ ਸਕੂਲ ਡਿਸਟ੍ਰਿਕਟ ਦੇ ਬੁਲਾਰੇ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 10 ਬੱਚੇ ਮਿਨੇਕਾਦਾ ਮਿਡਲ ਸਕੂਲ ਨਾਲ ਸਬੰਧਤ ਹਨ, ਜੋ ਫ਼ੀਲਡ ਟ੍ਰਿਪ ’ਤੇ ਵਾਟਰ ਪਾਰਕ ਪੁੱਜੇ ਸਨ। ਇਹ ਹਾਦਸਾ ਪਾਰਕ ਦੇ ਮਸ਼ਹੂਰ ਰਾਈਡ 'ਜ਼ੀਰੋ - 60 ਰੇਸਵੇਅ' ਦੇ ਹੇਠਾਂ ਲਾਈਨ ਵਿੱਚ ਲੱਗਣ ਵਾਲੇ ਹਿੱਸੇ ਵਿੱਚ ਵਾਪਰਿਆ। ਪੁਲਿਸ ਅਨੁਸਾਰ ਜਦੋਂ ਬੱਚੇ ਉੱਥੇ ਲੱਗੀ ਲੋਹੇ ਦੀ ਰੇਲਿੰਗ ਦੇ ਸੰਪਰਕ ਵਿੱਚ ਆਏ, ਤਾਂ ਉਨ੍ਹਾਂ ਨੂੰ ਜ਼ੋਰਦਾਰ ਕਰੰਟ ਲੱਗਿਆ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਬਿਜਲੀ ਦਾ ਇਹ ਨੁਕਸ ਪਾਰਕ ਦੇ ਆਪਣੇ ਨਿੱਜੀ ਬਿਜਲੀ ਸਿਸਟਮ ਵਿੱਚ ਖ਼ਰਾਬੀ ਕਾਰਨ ਪੈਦਾ ਹੋਇਆ ਸੀ। ਪਾਰਕ ਉਸ ਸਮੇਂ ਆਮ ਜਨਤਾ ਲਈ ਬੰਦ ਸੀ ਅਤੇ ਸਿਰਫ਼ ਸਕੂਲੀ ਗਰੁੱਪਾਂ ਲਈ ਹੀ ਖੋਲ੍ਹਿਆ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੀ 'ਨਾਗਰਿਕਤਾ' 'ਤੇ ਲਟਕੀ ਤਲਵਾਰ, ਸਰਕਾਰ ਨੇ ਚੁੱਕਿਆ ਸਖ਼ਤ ਕਦਮ

ਬੁਲਾਰੇ ਮੁਤਾਬਕ ਬੱਚੇ 6ਵੀਂ ਅਤੇ 7ਵੀਂ ਜਮਾਤ ਵਿਚ ਪੜ੍ਹਦੇ ਹਨ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਬੁਲਾਰੇ ਮੁਤਾਬਕ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿਚ ਐਂਬੁਲੈਂਸਾਂ ਵਾਟਰ ਪਾਰਕ ਵੱਲ ਭੇਜੀਆਂ ਗਈਆਂ। ਹਾਦਸੇ ਦੇ ਮੱਦੇਨਜ਼ਰ ਪਾਰਕ ਨੂੰ 48 ਘੰਟੇ ਲਈ ਬੰਦ ਕਰ ਦਿਤਾ ਗਿਆ ਹੈ।ਉੱਥੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੰਜ਼ਰ ਬਹੁਤ ਡਰਾਉਣਾ ਸੀ ਅਤੇ ਕਰੰਟ ਲੱਗਣ ਕਾਰਨ ਕਈ ਬੱਚਿਆਂ ਦੇ ਪੈਰਾਂ 'ਤੇ ਸੜਨ ਦੇ ਨਿਸ਼ਾਨ ਵੀ ਪਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News