ਭ੍ਰਿਸ਼ਟਾਚਾਰ ਮਾਮਲਿਆਂ ’ਚ SC ਨੇ ਕਿਹਾ, ਹਾਲਾਤ ਨਾਲ ਸੰਬੰਧਤ ਸਬੂਤਾਂ ’ਤੇ ਵੀ ਲੋਕ ਸੇਵਕਾਂ ਨੂੰ ਠਹਿਰਾਇਆ ਜਾ ਸਕਦੈ ਦੋਸ਼ੀ

Friday, Dec 16, 2022 - 10:46 AM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਾਜਾਇਜ਼ ਲਾਭ ਹਾਸਲ ਕਰਨ ਦੇ ਦੋਸ਼ ਹੇਠ ਕੋਈ ਪ੍ਰਤੱਖ ਮੌਖਿਕ ਜਾਂ ਦਸਤਾਵੇਜ਼ੀ ਸਬੂਤ ਨਾ ਹੋਣ ਦੀ ਸੂਰਤ ਵਿਚ ਕਿਸੇ ਲੋਕ ਸੇਵਕ ਨੂੰ ਹਾਲਾਤ ਨਾਲ ਸੰਬੰਧਤ ਸਬੂਤਾਂ ਦੇ ਆਧਾਰ ’ਤੇ ਵੀ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਜਸਟਿਸ ਐੱਸ. ਏ. ਨਜੀਰ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨ ਬੈਂਚ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਨਾਲ-ਨਾਲ ਇਸਤਗਾਸਾ ਪੱਖ ਨੂੰ ਵੀ ਈਮਾਨਦਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟ ਲੋਕ ਸੇਵਕਾਂ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ ਅਤੇ ਸ਼ਾਸਨ-ਪ੍ਰਸ਼ਾਸਨ ਨੂੰ ਸਾਫ-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਸਕੇ।

ਚੋਟੀ ਦੀ ਅਦਾਲਤ ਨੇ ਕਿਹਾ ਕਿ ਜੇਕਰ ਮੌਤ ਜਾਂ ਕਿਸੇ ਹੋਰ ਕਾਰਨ ਕਰ ਕੇ ਸ਼ਿਕਾਇਤਕਰਤਾ ਦਾ ਪ੍ਰਤੱਖ ਸਬੂਤ ਨਹੀਂ ਮੁਹੱਈਆ ਹੈ ਤਾਂ ਵੀ ਲੋਕ ਸੇਵਕ ਨੂੰ ਪ੍ਰਾਸੰਗਿਕ ਵਿਵਸਥਾਵਾਂ ਤਹਿਤ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਬਿਆਨ ਤੋਂ ਮੁੱਕਰ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਸੁਣਵਾਈ ਦੌਰਾਨ ਉਹ ਸਬੂਤ ਪੇਸ਼ ਕਰਨ ਵਿਚ ਅਸਮਰੱਥ ਰਹਿੰਦਾ ਹੈ ਤਾਂ ਕਿਸੇ ਹੋਰ ਗਵਾਹ ਦੇ ਮੌਖਿਕ ਜਾਂ ਦਸਤਾਵੇਜ਼ੀ ਸਬੂਤ ਨੂੰ ਸਵੀਕਾਰ ਕਰ ਕੇ ਨਾਜਾਇਜ਼ ਲਾਭ ਦੀ ਮੰਗ ਸੰਬੰਧੀ ਅਪਰਾਧ ਨੂੰ ਸਾਬਿਤ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਮੁਕੱਦਮਾ ਕਮਜ਼ੋਰ ਨਹੀਂ ਪੈਣਾ ਚਾਹੀਦਾ ਅਤੇ ਨਾ ਹੀ ਲੋਕ ਸੇਵਕ ਦੇ ਬਰੀ ਹੋਣ ਦੇ ਨਤੀਜੇ ਦੇ ਰੂਪ ਵਿਚ ਖਤਮ ਹੋਣਾ ਚਾਹੀਦਾ ਹੈ।


DIsha

Content Editor

Related News