CAA ਵਿਰੁੱਧ ਹਿੰਸਕ ਪ੍ਰਦਰਸ਼ਨਾਂ ਲਈ ਕਾਂਗਰਸ ਅਤੇ ''ਆਪ'' ਜ਼ਿੰਮੇਵਾਰ : ਪ੍ਰਕਾਸ਼ ਜਾਵਡੇਕਰ

Wednesday, Jan 01, 2020 - 12:59 PM (IST)

CAA ਵਿਰੁੱਧ ਹਿੰਸਕ ਪ੍ਰਦਰਸ਼ਨਾਂ ਲਈ ਕਾਂਗਰਸ ਅਤੇ ''ਆਪ'' ਜ਼ਿੰਮੇਵਾਰ : ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ— ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟੀਆਂ ਸਿਆਸੀ ਪਾਰਟੀਆਂ ਵਿਰੋਧੀ ਦਲਾਂ 'ਤੇ ਹਮਲਾਵਰ ਹਨ। ਇਸੇ ਕ੍ਰਮ 'ਚ ਭਾਜਪਾ ਦੇ ਦਿੱਲੀ ਵਿਧਾਨ ਸਭਾ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ 'ਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ ਹੈ। ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਦਿੱਲੀ ਵਰਗੇ ਸ਼ਾਂਤ ਸ਼ਹਿਰ 'ਚ, ਨਾਗਰਿਕਤਾ ਕਾਨੂੰਨ ਵਿਰੁੱਧ ਗਲਤਫਹਿਮੀਆਂ ਫੈਲਾ ਕੇ ਹਿੰਸਾ ਨੂੰ ਭੜਕਾਇਆ ਗਿਆ ਹੈ। ਹਿੰਸਾ ਦੀ ਆੜ 'ਚ ਜਨਤਕ ਜਾਇਦਾਦ ਨੂੰ ਤਬਾਹ ਕੀਤਾ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਹੀ ਇਸ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਆਪਣੇ ਇਸ ਕੰਮ ਲਈ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਤੇ ਦੇਸ਼ ਦੇ ਲੋਕਾਂ ਦੀ ਨਜ਼ਰ ਟਿਕੀ ਹੈ। ਸਾਰੇ ਲੋਕਾਂ ਦੀਆਂ ਨਜ਼ਰਾਂ ਇਸ ਗੱਲ ਨੂੰ ਲੈ ਕੇ ਹੈ ਕਿ ਇਹ ਚੋਣਾਵੀ ਲੜਾਈ ਕੌਣ ਜਿੱਤੇਗਾ। ਮੋਦੀ ਸਰਕਾਰ ਨੇ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਚੋਣਾਵੀ ਫੈਸਲਾ ਨਹੀਂ ਹੈ, ਇਹ ਜਨਤਾ ਨੂੰ ਨਿਆਂ ਦਿਵਾਉਣ ਦਾ ਫੈਸਲਾ ਹੈ। ਦਿੱਲੀ ਚੋਣ ਪ੍ਰਬੰਧਨ ਕਮੇਟੀ ਦੇ ਕਨਵੀਨਰ ਤਰੁਣ ਚੁੱਘ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਦੇਸ਼ ਮਹਾਮੰਤਰੀ ਕੁਲਜੀਤ ਸਿੰਘ ਚਹਿਲ, ਰਵਿੰਦਰ ਗੁਪਤਾ, ਰਾਜੇਸ਼ ਭਾਟੀਆ, ਆਦੇਸ਼ ਗੁਪਤਾ, ਉੱਪ ਪ੍ਰਧਾਨ ਯੋਗਿਤਾ ਸਿੰਘ ਅਤੇ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਵੀ ਸਨ।


author

DIsha

Content Editor

Related News