CAA ਅਤੇ NRC ''ਤੇ ਮੋਦੀ-ਸ਼ਾਹ ਨੇ ਦੇਸ਼ ਨੂੰ ਕੀਤਾ ਗੁੰਮਰਾਹ : ਸੋਨੀਆ
Tuesday, Jan 14, 2020 - 12:01 PM (IST)

ਨਵੀਂ ਦਿੱਲੀ— ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਦੋਸ਼ ਲਾਇਆ ਹੈ ਕਿ ਨਾਗਰਿਕਤਾ (ਸੋਧ) ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਨੂੰ ਗੁੰਮਰਾਹ ਕੀਤਾ ਹੈ।
ਸੋਮਵਾਰ ਇਥੇ ਸੰਸਦ ਭਵਨ ਕੰਪਲੈਕਸ 'ਚ ਕਈ ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਸੋਨੀਆ ਨੇ ਕਿਹਾ ਕਿ ਸਰਕਾਰ ਨੇ ਇਕ ਦਮਨ ਚੱਕਰ ਚਲਾਇਆ ਹੋਇਆ ਹੈ। ਉਸ ਵਲੋਂ ਨਫਰਤ ਫੈਲਾਈ ਜਾ ਰਹੀ ਹੈ ਅਤੇ ਸਮਾਜ ਨੂੰ ਧਰਮ ਦੇ ਆਧਾਰ 'ਤੇ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਬਿਆਨ ਉਲਟ-ਪੁਲਟ ਹਨ। ਦੋਵੇਂ ਲਗਾਤਾਰ ਭੜਕਾਊ ਬਿਆਨ ਦੇ ਰਹੇ ਹਨ। ਹਿੰਸਾ ਅਤੇ ਅੱਤਿਆਚਾਰ ਪ੍ਰਤੀ ਉਹ ਗੈਰ-ਗੰਭੀਰ ਬਣੇ ਹੋਏ ਹਨ।
ਸੋਨੀਆ ਨੇ ਵੱਖ-ਵੱਖ ਯੂਨੀਵਰਸਿਟੀ ਵਿਚ ਹੋਈ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਅਤੇ ਸ਼ਾਹ ਦੀ ਸਰਕਾਰ ਦੀ ਅਸਮਰੱਥਾ ਸਾਬਤ ਹੋ ਗਈ ਹੈ। ਦੋਵੇਂ ਪ੍ਰਮੁੱਖ ਆਗੂ ਰਾਜ ਕਰਨ ਦੇ ਯੋਗ ਨਹੀਂ ਹਨ। ਮੌਜੂਦਾ ਸਰਕਾਰ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੀ ਹੈ। ਦੇਸ਼ ਵਿਚ ਹਰ ਪਾਸੇ ਅਸ਼ਾਂਤੀ ਦਾ ਮਾਹੌਲ ਹੈ। ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਖਾਸ ਕਰ ਕੇ ਉੱਤਰ ਪ੍ਰਦੇਸ਼ ਵਿਚ ਸਮਾਜ ਦੇ ਵੱਡੇ ਤਬਕੇ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ 'ਤੇ ਹਮਲੇ ਹੋ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਆਸਾਮ ਵਿਚ ਐੱਨ. ਆਰ. ਸੀ. ਪੁੱਠੀ ਪੈ ਗਈ ਹੈ। ਮੋਦੀ-ਸ਼ਾਹ ਦੀ ਸਰਕਾਰ ਹੁਣ ਐੱਨ. ਪੀ. ਆਰ. ਲਿਆਉਣ ਲਈ ਸਰਗਰਮ ਹੋ ਗਈ ਹੈ। ਇਹ ਸਪੱਸ਼ਟ ਹੈ ਕਿ ਐੱਨ. ਪੀ. ਆਰ. ਨੂੰ ਪੂਰੇ ਦੇਸ਼ ਵਿਚ ਐੱਨ. ਆਰ. ਸੀ. ਨੂੰ ਲਾਗੂ ਕਰਨ ਲਈ ਲਿਆਂਦਾ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਦੀ ਉਕਤ ਬੈਠਕ ਵਿਚ ਸੀ. ਏ. ਏ. ਵਿਰੁੱਧ ਹੋਏ ਵਿਖਾਵਿਆਂ ਅਤੇ ਕਈ ਯੂਨੀਵਰਸਿਟੀਆਂ ਵਿਚ ਹਿੰਸਾ ਪਿੱਛੋਂ ਪੈਦਾ ਹੋਏ ਹਾਲਾਤ ਦੇ ਨਾਲ-ਨਾਲ ਹੋਰਨਾਂ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਬੈਠਕ ਵਿਚ 20 ਪਾਰਟੀਆਂ ਦੇ ਆਗੂ ਸ਼ਾਮਲ ਹੋਏ।
ਸ਼ਿਵ ਸੈਨਾ ਸਮੇਤ 4 ਪਾਰਟੀਆਂ ਰਹੀਆਂ ਗੈਰ-ਹਾਜ਼ਰ
ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਸ਼ਿਵ ਸੈਨਾ ਸਮੇਤ 4 ਪਾਰਟੀਆਂ ਗੈਰ-ਹਾਜ਼ਰ ਰਹੀਆਂ। ਸ਼ਿਵ ਸੈਨਾ ਤੋਂ ਇਲਾਵਾ ਬਸਪਾ, ਆਮ ਆਦਮੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਨੁਮਾਇੰਦੇ ਨਹੀਂ ਆਏ। ਉਕਤ ਚਾਰਾਂ ਪਾਰਟੀਆਂ ਦੇ ਆਪਣੇ-ਆਪਣੇ ਸਿਆਸੀ ਕਾਰਣ ਹਨ, ਜਿਨ੍ਹਾਂ ਦੇ ਆਧਾਰ 'ਤੇ ਉਨ੍ਹਾਂ ਦੇ ਨੁਮਾਇੰਦੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਪਾਰਟੀਆਂ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਬਸਪਾ ਮੁਖੀ ਮਾਇਆਵਤੀ ਦੇ ਬੈਠਕ ਵਿਚ ਸ਼ਾਮਲ ਨਾ ਹੋਣ ਦਾ ਕਾਰਣ ਰਾਜਸਥਾਨ ਵਿਚ ਬਸਪਾ ਦੇ ਵਿਧਾਇਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨਾ ਦੱਸਿਆ ਗਿਆ ਹੈ। ਦਿੱਲੀ ਅਸੈਂਬਲੀ ਚੋਣਾਂ ਦੇ ਨੇੜੇ ਹੋਣ ਕਾਰਣ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਸੀ. ਏ. ਏ. ਅਤੇ ਐੱਨ. ਆਰ. ਸੀ. ਦੇ ਮੁੱਦੇ 'ਤੇ ਖੜ੍ਹੇ ਹੋ ਕੇ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਸੰਦੇਸ਼ ਨਹੀਂ ਦੇਣਾ ਚਾਹੁੰਦੇ ਸਨ।